ਜਲੰਧਰ,(ਸੰਜੇ ਸ਼ਰਮਾ \ਵਿਸ਼ਾਲ) ਥਾਣਾ ਭਾਰਗੋ ਕੈਂਪ ਦੀ ਹੱਦ ‘ਚ ਪੈਂਦੇ ਨਿਊ ਮਾਡਲ ਹਾਊਸ ਵਿਚ ਚੋਰਾਂ ਨੇ ਉਸ ਵੇਲੇ ਇਕ ਕੋਠੀ ਨੂੰ ਨਿਸ਼ਾਨਾ ਬਣਾਇਆ ਜਦ ਪਰਿਵਾਰ ਦੇ ਮੈਂਬਰ ਕਿਸੇ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਲਈ ਗਏ ਹੋਏ ਸਨ। ਚੋਰਾਂ ਨੇ ਘਰ ਦੀਆਂ ਅਲਮਾਰੀਆਂ ਦੇ ਤਾਲੇ ਭੰਨ ਕੇ ਅੰਦਰੋਂ ਲੱਖਾਂ ਰੁਪਏ ਦੀ ਨਕਦੀ ਤੇ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਧਰਮਿੰਦਰ ਅਹੂਜਾ ਵਾਸੀ ਨਿਊ ਮਾਡਲ ਹਾਊਸ ਨੇ ਦੱਸਿਆ ਕਿ ਵੀਰਵਾਰ ਸਵੇਰੇ 11 ਵਜੇ ਦੇ ਕਰੀਬ ਉਹ ਪਰਿਵਾਰ ਸਮੇਤ ਹਿਮਾਚਲ ਪ੍ਰਦੇਸ਼ ‘ਚ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਲਈ ਗਏ ਸਨ ਅਤੇ ਘਰ ਵਿਚ ਉਨ੍ਹਾਂ ਦਾ ਪੁੱਤਰ ਕੁਲਦੀਪ ਅਹੂਜਾ ਸੀ ਜੋ ਕਿ 12 ਵਜੇ ਦੇ ਕਰੀਬ ਨਕੋਦਰ ਬਾਬਾ ਮੁਰਾਦਸ਼ਾਹ ‘ਤੇ ਮੱਥਾ ਟੇਕਣ ਲਈ ਚਲਾ ਗਿਆ। ਤਕਰੀਬਨ ਡੇਢ ਘੰਟੇ ਬਾਅਦ ਜਦ ਉਹ ਵਾਪਸ ਆਇਆ ਤਾਂ ਘਰ ਦੇ ਤਾਲੇ ਟੁੱਟੇ ਪਏ ਸਨ। ਜਦ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਅਲਮਾਰੀਆਂ ਦੇ ਲਾਕਰ ਟੁੱਟੇ ਪਏ ਸਨ ਅਤੇ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਇਸ ਦੀ ਸੂਚਨਾ ਕੁਲਦੀਪ ਨੇ ਤੁਰੰਤ ਉਨ੍ਹਾਂ ਨੂੰ ਦਿੱਤੀ ਤਾਂ ਉਹ ਰਸਤੇ ਵਿੱਚੋਂ ਹੀ ਵਾਪਸ ਘਰ ਪਰਤ ਆਏ। ਧਰਮਿੰਦਰ ਨੇ ਦੱਸਿਆ ਕਿ ਚੋਰ ਘਰ ਵਿੱਚੋਂ ਤਕਰੀਬਨ ਸਾਢੇ ਸੱਤ ਲੱਖ ਰੁਪਏ ਦੀ ਨਕਦੀ ਤੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰ ਕੇ ਲੈ ਗਏ ਹਨ।ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਭਾਰਗੋ ਕੈਂਪ ਦੇ ਮੁਖੀ ਇੰਸਪੈਕਟਰ ਭਗਵੰਤ ਸਿੰਘ ਭੁੱਲਰ ਮੌਕੇ ‘ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਇੰਸਪੈਕਟਰ ਭੁੱਲਰ ਨੇ ਦੱਸਿਆ ਕਿ ਪੁਲਿਸ ਗਲੀ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ। ਉਮੀਦ ਹੈ ਕਿ ਜਲਦ ਹੀ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ।