ਦੀਨਾਨਗਰ, ਦੀਨਾਨਗਰ ਪੁਲਿਸ ਨੇ ਅਪਣੇ ਹੀ ਵਿਭਾਗ ਦੇ ਇੱਕ ਏਐਸਆਈ ਦੇ ਖਿਲਾਫ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਹੈ। ਕਥਿਤ ਦੋਸ਼ੀ ਏਐੱਸਆਈ ਦੀਨਾਨਗਰ ਦੇ ਪਿੰਡ ਹਰੀਪੁਰ ਦਾ ਰਹਿਣ ਵਾਲਾ ਹੈ ਅਤੇ ਇਸ ਵੇਲੇ ਪਠਾਨਕੋਟ ਵਿਖੇ ਪੰਜਾਬ ਪੁਲਿਸ ਦੀ ਸੀਆਈਡੀ ਬ੍ਰਾਂਚ ‘ਚ ਤੈਨਾਤ ਹੈ। ਜਾਣਕਾਰੀ ਦਿੰਦਿਆਂ ਦੀਨਾਨਗਰ ਥਾਣੇ ਦੇ ਐੱਸਐੱਚਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਦੀਨਾਨਗਰ ਦੇ ਮੁਗਰਾਲੀ ਬਜ਼ਾਰ ਦੀ ਰਹਿਣ ਵਾਲੀ 24 ਵਰ੍ਹਿਆਂ ਦੀ ਪੀੜਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਨੇ ਬੀਕਾਮ ਤੱਕ ਪੜ੍ਹਾਈ ਕੀਤੀ ਹੋਈ ਹੈ ਅਤੇ ਕਰੀਬ ਦੋ ਸਾਲ ਪਹਿਲਾਂ ਉਸਦੇ ਪਿਤਾ ਦੀ ਮੌਤ ਹੋ ਜਾਣ ਕਾਰਨ ਘਰ ਦਾ ਗੁਜਾਰਾ ਚਲਾਉਣ ਲਈ ਉਹ ਕਿਸੇ ਰੁਜ਼ਗਾਰ ਦੀ ਤਲਾਸ਼ ਵਿਚ ਸੀ। ਇਸੇ ਦੌਰਾਨ ਉਸਦੀ ਮੁਲਾਕਾਤ ਅਪਣੇ ਪਿਤਾ ਦੇ ਦੋਸਤ ਸੁਰਜੀਤ ਸਿੰਘ ਵਾਸੀ ਪਿੰਡ ਹਰੀਪੁਰ, ਜੋ ਕਿ ਪੰਜਾਬ ਪੁਲਿਸ ਵਿਚ ਏਐਸਆਈ ਹੈ, ਨਾਲ ਹੋਈ ਤਾਂ ਉਸਨੇ ਕਿਤੇ ਨੌਕਰੀ ਦਿਵਾਉਣ ਦੀ ਗੱਲ ਆਖੀ ਤਾਂ ਸੁਰਜੀਤ ਸਿੰਘ ਨੇ ਉਸਨੂੰ ਨੌਕਰੀ ਦਿਵਾਉਣ ਦੀ ਹਾਮੀ ਭਰ ਦਿੱਤੀ। ਪੀੜਤਾ ਨੇ ਦੱਸਿਆ ਕਿ ਬੀਤੀ 31 ਦਸੰਬਰ ਨੂੰ ਉਸਨੂੰ ਸੁਰਜੀਤ ਸਿੰਘ ਦਾ ਫੋਨ ਆਇਆ ਅਤੇ ਕਿਹਾ ਕਿ ਉਸਦੀ ਨੌਕਰੀ ਦੀ ਗੱਲ ਬਣ ਗਈ ਹੈ ਜਿਸ ਵਾਸਤੇ ਉਹ ਹੁਣੇ ਹੀ ਉਸਦੇ ਪਿੰਡ ਹਰੀਪੁਰ ਸਥਿਤ ਸਵਰਗ ਪੈਲੇਸ ਵਿਖੇ ਪਹੁੰਚੇ ਅਤੇ ਨਾਲ ਹੀ ਨੌਕਰੀ ਲਈ ਪੈਸੇ ਦੇਣ ਦੇ ਐਡਵਾਂਸ ਵਜੋਂ ਦਸ ਹਜ਼ਾਰ ਰੁਪਏ ਵੀ ਨਾਲ ਲੈ ਆਵੇ। ਪੀੜਤਾ ਨੇ ਦੱਸਿਆ ਕਿ ਉਹ ਤੁਰੰਤ ਹੀ ਦੀਨਾਨਗਰ ਤੋਂ ਆਟੋ ਰਾਹੀਂ ਹਰੀਪੁਰ ਸਥਿਤ ਸਵਰਗ ਪੈਲੇਸ ਵਿਖੇ ਪਹੁੰਚ ਗਈ। ਜਿੱਥੇ ਉਸਨੇ ਸੁਰਜੀਤ ਸਿੰਘ ਨਾਲ ਗੱਲਬਾਤ ਕਰਨ ਉਪਰੰਤ ਉਸਨੂੰ ਮੰਗੇ ਗਏ ਦਸ ਹਜ਼ਾਰ ਰੁਪਏ ਵੀ ਦੇ ਦਿੱਤੇ ਪਰ ਇਸੇ ਦੌਰਾਨ ਸੁਰਜੀਤ ਸਿੰਘ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸਦੀ ਮਰਜ਼ੀ ਦੇ ਬਗੈਰ ਉਸ ਨਾਲ ਜਬਰ ਜਨਾਹ ਕੀਤਾ।