ਜਲੰਧਰ,(ਵਿਸ਼ਾਲ/ ਰੋਜਾਨਾ ਆਜਤਕ)-ਉੱਤਰ ਰੇਲਵੇ ਦੀ ਫਿਰੋਜ਼ਪੁਰ ਡਵੀਜ਼ਨ ਵੱਲੋਂ ਕਿਸਾਨੀ ਅੰਦੋਲਨ ਨੂੰ ਮੁੱਖ ਰੱਖਦੇ ਹੋਏ ਵੀਰਵਾਰ ਤੋਂ ਅੰਮਿ੍ਤਸਰ ਤੋਂ ਚੱਲਣ ਵਾਲੀਆਂ 14 ਰੇਲ ਗੱਡੀਆਂ ਰੱਦ ਕਰਨ ਨਾਲ ਰੇਲਵੇ ਸਟੇਸ਼ਨ ‘ਤੇ ਸੁੰਨ ਪਈ ਰਹੀ ਅਤੇ ਸਟੇਸ਼ਨ ਬਿਲਕੁੱਲ ਖਾਲੀ ਦਿਖਾਈ ਦੇ ਰਿਹਾ ਸੀ ਜਦੋਂਕਿ ਕੁਝ ਲੋਕ ਸਵੇਰੇ ਸਟੇਸ਼ਨ ‘ਤੇ ਆਏ ਜਿਨ੍ਹਾਂ ਨੂੰ ਗੱਡੀਆਂ ਰੱਦ ਹੋਣ ਬਾਰੇ ਜਾਣਕਾਰੀ ਨਹੀਂ ਸੀ। ਰੇਲਵੇ ਵੱਲੋਂ ਜਿਹੜੀਆਂ 14 ਜੋੜੀ ਗੱਡੀਆਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ਦਾ ਯਾਤਰੀਆਂ ਨੂੰ ਬਾਕਾਇਦਾ ਰਿਫੰਡ ਦਿੱਤਾ ਜਾਵੇਗਾ। ਜਿਹੜੀਆਂ ਗੱਡੀਆਂ ਰੱਦ ਕੀਤੀਆਂ ਗਈਆਂ, ਉਨ੍ਹਾਂ ਵਿਚ ਅੰਮਿ੍ਤਸਰ ਤੋਂ ਮੁੰਬਈ, ਨਿਊ ਜਲਪਾਈਗੁੜੀ, ਕੋਲਕਾਤਾ, ਜੈਨਗਰ, ਹਰਿਦੁਆਰ, ਹਜ਼ੂਰ ਸਾਹਿਬ, ਨਵੀਂ ਦਿੱਲੀ, ਡਿਬਰੂਗੜ੍ਹ ਆਦਿ ਸ਼ਾਮਲ ਹਨ। ਇਹ ਗੱਡੀਆਂ 26 ਸਤੰਬਰ ਤਕ ਰੱਦ ਰਹਿਣਗੀਆਂ।ਇਸ ਦੌਰਾਨ ਰੇਲਵੇ ਪ੍ਰਰੋਟੈਕਸ਼ਨ ਫੋਰਸ (ਆਰਪੀਐੱਫ) ਦੇ ਐੱਸਐੱਚਓ ਅਤੇ ਜੀਆਰਪੀ ਦੇ ਐੱਸਐੱਚਓ ਨੇ ਦੱਸਿਆ ਕਿ ਜਲੰਧਰ ਤੋਂ ਬਿਆਸ ਅਤੇ ਜਲੰਧਰ ਤੋਂ ਜਲੰਧਰ ਕੈਂਟ ਤਕ ਕੋਈ ਵੀ ਕਿਸਾਨ ਰੇਲ ਰੋਕਣ ਲਈ ਨਹੀਂ ਆਇਆ ਅਤੇ ਸ਼ਾਂਤੀ ਰਹੀ। ਇਸ ਦੌਰਾਨ 2 ਮਾਲ ਗੱਡੀਆਂ ਹੀ ਨਿਕਲੀਆਂ ਜਿਹੜੀਆਂ ਕਿ ਸ਼ਾਂਤੀਪੂਰਨ ਢੰਗ ਨਾਲ ਬਿਨਾਂ ਰੁਕਾਵਟ ਆਪਣੇ ਅਗਲੇ ਸਟੇਸ਼ਨਾਂ ਲਈ ਰਵਾਨਾ ਹੋ ਗਈਆਂ