ਪੰਜਾਬ ਦੇ ਵਿਚ ਨਿਵੇਕਲੀ ਵਿਧਾਨ ਸਭਾ ਦਾ ਇਜਲਾਸ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ। ਨਿਵੇਕਲੀ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ 90 ਵਿਧਾਇਕ ਅਜਿਹੇ ਹਨ ਜੋ ਪਹਿਲੀ ਵਾਰ ਚੁਣ ਕੇ ਵਿਧਾਨ ਸਭਾ ਤੱਕ ਪਹੁੰਚੇ ਹਨ। ਇਸ ਵਾਰ ਚੋਣਾਂ ਦੌਰਾਨ ਝੁੱਲੀ ਹਨੇਰੀ ਨੇ ਵੱਡੇ ਸਿਆਸੀ ਥੰਮ੍ਹ ਡੇਗ ਦਿੱਤੇ। ਪਹਿਲੀ ਵਾਰ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਵਿਧਾਨ ਸਭਾ ਨਹੀਂ ਪਹੁੰਚ ਸਕੇ। ਇੰਨ੍ਹਾ ਹੀ ਨਹੀਂ ਨਵਜੋਤ ਸਿੱਧੂ, ਬਿਕਰਮ ਮਜੀਠੀਆ, ਚਰਨਜੀਤ ਚੰਨੀ, ਵਿਜੇ ਇੰਦਰ ਸਿੰਗਲਾ, ਸੁਖਬੀਰ ਸਿੰਘ ਬਾਦਲ ਵਰਗੇ ਦਿੱਗਜਾਂ ਨੂੰ ਆਮ ਘਰਾਂ ਚੋਂ ਨਿਕਲੇ ਉਮੀਦਵਾਰਾਂ ਨੇ ਹਰਾ ਦਿੱਤਾ। ਪੰਜਾਬ ਵਿਧਾਨ ਸਭਾ ਵਿਚ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਦੀ ਗੂੰਜ ਵੀ ਸੁਣਾਈ ਦਿੱਤੀ। 117 ਵਿਧਾਇਕਾਂ ਵਿਚੋਂ ਸਹੁੰ ਚੁੱਕਣ ਵਾਲੇ 92 ਤਾਂ ਆਮ ਆਦਮੀ ਪਾਰਟੀ ਦੇ ਸਨ। ਦਿਲਚਸਪ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਹਿਲੀ ਵਾਰ ਹੀ ਵਿਧਾਨ ਸਭਾ ਚੋਣ ਜਿੱਤੀ ਹੈ। ਪ੍ਰੋਟੈਮ ਸਪੀਕਰ ਇੰਦਰਜੀਤ ਸਿੰਘ ਨਿੱਝਰ ਨੇ 117 ਵਿਧਾਇਕਾਂ ਨੂੰ ਸਹੁੰ ਚੁਕਵਾਉਣ ਦੀ ਰਸਮ ਅਦਾ ਕੀਤੀ। 117 ਵਿਧਾਇਕਾਂ ਦੇ ਸਹੁੰ ਚੁੱਕ ਸਮਾਗਮ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦਾ ਇਜਲਾਸ ਸੋਮਵਾਰ ਲਈ ਮੁਲਤਵੀ ਕਰ ਦਿੱਤਾ ਗਿਆ।ਹਾਲਾਂਕਿ ਨਵੀਂ ਸਰਕਾਰ ਦਾ ਇਹ ਪਹਿਲਾ ਸੈਸ਼ਨ 3 ਦਿਨਾਂ ਤੱਕ ਚੱਲੇਗਾ। ਸੋਮਵਾਰ 21 ਮਾਰਚ ਨੂੰ ਹੀ ਵਿਧਾਨ ਸਭਾ ਸਪੀਕਰ ਦੀ ਚੋਣ ਹੋਵੇਗੀ ਅਤੇ ਇਸੇ ਦਿਨ ਹੀ ਰਾਜਪਾਲ ਬਣਵਾਰੀ ਲਾਲ ਪੁਰੋਹਿਤ ਦਾ ਭਾਸ਼ਣ ਹੋਵੇਗਾ। ਇਹ ਵੀ ਦੱਸ ਦਈਏ ਕਿ 19 ਮਾਰਚ ਨੂੰ ਪੰਜਾਬ ਕੈਬਨਿਟ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਪੰਜਾਬ ਰਾਜ ਭਵਨ ਦੇ ਵਿਚ ਹੋਵੇਗਾ।