ਜਲੰਧਰ, (ਸੰਜੇ ਸ਼ਰਮਾ)-ਕੈਂਟ ਹਲਕੇ ਦੇ ਇੰਚਾਰਜ ਸ. ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਅੱਜ ਜਿੱਥੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਜਨਤਾ ਦੇ ਬਚਾਅ ਵਾਸਤੇ ਹਰ ਪ੍ਰਕਾਰ ਦੇ ਯਤਨ ਕੀਤੇ ਜਾ ਰਹੇ ਹਨ, ਉਥੇ ਲੋਕਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਵੀ ਪ੍ਰਸ਼ਾਸਨ ਦਾ ਪੂਰਨ ਤੌਰ ਤੇ ਸਹਿਯੋਗ ਕਰਨ। ਕੋਰੋਨਾ ਮਹਾਮਾਰੀ ਬੜੀ ਭਿਆਨਕ ਬਿਮਾਰੀ ਹੈ, ਜਿਸਨੂੰ ਲੋਕ ਹਲਕੇ ਵਿੱਚ ਨਾ ਲੈਣ ਅਤੇ ਕੋਰੋਨਾ ਵੈਕਸੀਨ ਜਰੂਰ ਲਗਵਾਉਣ। ਇਸਦੇ ਨਾਲ ਨਾਲ ਲੋਕ ਮਾਸਕ ਦਾ ਉਪਯੋਗ ਕਰਨ, ਹੱਥਾਂ ਨੂੰ ਸੇਨੇਟਾਇਜ ਕਰਨ ਅਤੇ ਆਪਸ ਵਿੱਚ 2 ਗਜ ਦੀ ਦੂਰੀ ਬਣਾ ਕੇ ਰੱਖਣ। ਉਹਨਾਂ ਜਿਲਾ ਪ੍ਰਸ਼ਾਸਨ, ਪੁਲੀਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਸ਼ਹਿਰ ਦੀਆਂ ਸੜਕਾਂ ਉਪਰ ਆਮ ਜਨਤਾ ਦੀ ਭਲਾਈ ਵਾਸਤੇ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਦੁਆਰਾ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਮੌਕੇ ਉਪਰ ਹੀ ਉਹਨਾਂ ਦੇ ਸੈਂਪਲ ਲਏ ਜਾ ਰਹੇ ਹਨ। ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਲੋਕਾਂ ਨੂੰ ਪ੍ਰਸ਼ਾਸਨ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦੀ ਹਰ ਹਾਲ ਵਿੱਚ ਪਾਲਣਾ ਕਰਨੀ ਚਾਹੀਦੀ ਹੈ ਜੋਕਿ ਉਹਨਾਂ ਦਾ ਆਪਣਾ ਫਰਜ ਵੀ ਬਣਦਾ ਹੈ। ਸ. ਮੱਕੜ ਨੇ ਕਿਹਾ ਕਿ ਪ੍ਰਸ਼ਾਸਨ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਕੇ ਹੀ ਇਸ ਭਿਆਨਕ ਬਿਮਾਰੀ ਨੂੰ ਮਾਤ ਦਿੱਤੀ ਜਾ ਸਕਦੀ ਹੈ।