ਜਲੰਧਰ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸ਼ੁੱਕਰਵਾਰ ਨੂੰ ਧੋਗੜੀ ਇੰਡਸਟਰੀਅਲ ਪਾਰਕ ਵਿਖੇ 2.62 ਕਰੋੜ ਰੁਪਏ ਦੀ ਲਾਗਤ ਨਾਲ ਉਦਯੋਗਿਕ ਜ਼ੋਨ ਵਿਚਲੀਆਂ ਲਿੰਕ ਸੜਕਾਂ ਦੇ ਨਿਰਮਾਣ ਸਮੇਤ ਉਨ੍ਹਾਂ ਨੂੰ ਚੌੜਾ ਅਤੇ ਮਜ਼ਬੂਤ ਕਰਨ ਦੇ ਪ੍ਰਰਾਜੈਕਟ ਦਾ ਨੀਂਹ ਪੱਥਰ ਰੱਖਿਆ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਫੰਡ ਪੰਜਾਬ ਦਿਹਾਤੀ ਵਿਕਾਸ ਬੋਰਡ ਫੰਡਾਂ ਵੱਲੋਂ ਮਨਜ਼ੂਰ ਕੀਤੇ ਗਏ ਹਨ ਅਤੇ ਧੋਗੜੀ ਉਦਯੋਗਿਕ ਅਸਟੇਟ ‘ਚ ਲਗਪਗ 4.72 ਕਿਲੋਮੀਟਰ ਲੰਬੀ ਸੜਕ ਨੂੰ 2.62 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ, ਮਜ਼ਬੂਤ ਅਤੇ ਨਵਾਂ ਬਣਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਵਿਧਾਇਕ ਚੌਧਰੀ ਸੁਰਿੰਦਰ ਸਿੰਘ ਤੇ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਟੈਂਡਰ ਜਲੰਧਰ ਆਧਾਰਿਤ ਕੰਪਨੀ ਨੂੰ ਦਿੱਤੇ ਜਾ ਗਏ ਹਨ ਅਤੇ ਇਹ ਕੰਮ ਪੰਜ ਮਹੀਨਿਆਂ ‘ਚ ਪੂਰਾ ਹੋ ਜਾਵੇਗਾ ਕਿਉਂ ਜੋ ਉਸਾਰੀ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਧੋਗੜੀ ਅਤੇ ਰਾਏਪੁਰ ਰਸੂਲਪੁਰ ਦੇ ਵੱਡੀ ਗਿਣਤੀ ਉਦਯੋਗਾਂ ਨੂੰ ਲਾਭ ਮਿਲੇਗਾ ਤੇ ਹੋਰ ਸਨਅਤਾਂ ਵੀ ਆਪਣਾ ਉਦਯੋਗ ਧੋਗੜੀ ਵਿਖੇ ਸਥਾਪਤ ਕਰਨ ਲਈ ਆਕਰਸ਼ਿਤ ਹੋਣਗੀਆਂ।ਇਸ ਮੌਕੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਉਦਯੋਗਪਤੀਆਂ ਦੇ ਨਾਲ ਹਮੇਸ਼ਾ ਚੱਟਾਨ ਵਾਂਗ ਖੜ੍ਹੇ ਹਨ। ਸੂਬਾ ਸਰਕਾਰ ਨੇ ਪ੍ਰਰਾਜੈਕਟ ਸ਼ੁਰੂ ਕਰ ਕੇ ਉਦਯੋਗਪਤੀਆਂ ਨਾਲ ਕੀਤਾ ਆਪਣਾ ਵਾਅਦਾ ਨਿਭਾਇਆ ਹੈ।ਇਸ ਮੌਕੇ ਐੱਸਡੀਐੱਮ ਰਾਹੁਲ ਸਿੰਧੂ, ਜਨਰਲ ਮੈਨੇਜਰ ਉਦਯੋਗ ਦੀਪ ਸਿੰਘ ਗਿੱਲ, ਕਾਰਜਕਾਰੀ ਇੰਜਨੀਅਰ ਲੋਕ ਨਿਰਮਾਣ ਵਿਭਾਗ (ਜਲੰਧਰ ਡਵੀਜ਼ਨ-2) ਨੇਕ ਚੰਦ, ਮਨਜੀਤ ਲਾਲੀ ਤੇ ਹੋਰ ਮੌਜੂਦ ਸਨ