ਲੰਡਨ, 22 ਦਸੰਬਰ, 2020- ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਮਿਲਣ ਪਿੱਛੋਂ ਦੁਨੀਆ ਦੇ ਕਈ ਦੇਸ਼ਾਂ ਵਲੋਂ ਲਾਈਆਂ ਹਵਾਈ ਪਾਬੰਦੀਆਂ ਲਾਉਣ ਦੇ ਕਾਰਨ ਬ੍ਰਿਟੇਨ ਕਸੂਤਾ ਫਸ ਗਿਆ ਹੈ। ਸਭ ਤੋਂਵੱਧ ਅਸਰ ਫਰਾਂਸ ਵਲੋਂ ਲਾਈਆਂ ਪਾਬੰਦੀਆਂ ਨਾਲ ਪਿਆ ਹੈ। ਫਰਾਂਸ ਜਾਣ ਲਈ 1500 ਤੋਂ ਵੱਧ ਟਰੱਕ ਇੰਗਲੈਂਡ ਸਰਹੱਦ ਉੱਤੇ ਖੜੋਤੇ ਹਨ। ਕਿਹਾ ਜਾ ਰਿਹਾ ਹੈ ਕਿ ਜੇ ਪਾਬੰਦੀਆਂ ਵਿਚ ਢਿੱਲ ਨਾ ਮਿਲੀ ਤਾਂ ਬ੍ਰਿਟੇਨ ਨੂੰ ਖਾਣ ਵਾਲੇ ਪਦਾਰਥਾਂ ਦੀ ਵੱਡੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪਾਬੰਦੀਆਂ ਵਿਚ ਢਿੱਲ ਦਿਵਾਉਣ ਲਈ ਕੱਲ੍ਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨਾਲ ਵੀ ਗੱਲ ਕੀਤੀ ਹੈ। ਇਸ ਦੌਰਾਨ ਫਰਾਂਸ ਦੇ ਆਵਾਜਾਈ ਮੰਤਰੀ ਦੇ ਹਵਾਲੇ ਤੋਂਦੱਸਿਆ ਗਿਆ ਹੈ ਕਿ ਦੋਵੇਂ ਦੇਸ਼ ਕਾਰਗੋ ਸਰਵਿਸ ਨੂੰ ਛੇਤੀ ਸ਼ੁਰੂ ਕਰਨ ਦਾ ਐਲਾਨ ਕਰ ਸਕਦੇ ਹਨ। ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਦੱਸਿਆ ਕਿ ਉਹ ਫਰਾਂਸ ਦੇ ਗ੍ਰਹਿ ਮੰਤਰੀ ਨਾਲ ਗੱਲ ਕਰ ਰਹੀ ਹੈ ਅਤੇ ਇਸ ਦਾ ਕੀ ਹੱਲ ਨਿਕਲਦਾ ਹੈ, ਇਹ ਅਜੇ ਦੇਖਣਾ ਹੈ। ਇਸ ਦੌਰਾਨ ਮਸਲੇ ਦਾ ਇੱਕ ਹੱਲ ਇਹ ਹੋ ਸਕਦਾ ਹੈ ਕਿ ਫਰਾਂਸ ਜਾਣ ਨੂੰ ਤਿਆਰ ਟਰੱਕ ਡਰਾਈਵਰਾਂ ਦਾ ਕੋਰੋਨਾ ਟੈਸਟ ਕਰਵਾ ਕੇ ਉਨ੍ਹਾਂ ਨੂੰ ਓਥੇ ਭੇਜਿਆ ਜਾਵੇ, ਪਰ ਇਸ ਟੈਸਟ ਦੀ ਨਤੀਜਾ ਆਉਣ ਵਿਚ 24 ਤੋਂ 48 ਘੰਟੇ ਲੱਗਦੇ ਹਨ, ਇਸ ਲਈ ਇਹ ਕਹਿਣਾ ਔਖਾ ਹੈ ਕਿ ਕ੍ਰਿਸਮਸ ਤੋਂ ਪਹਿਲਾਂ ਕਿੰਨੇ ਟਰੱਕ ਜਾ ਕੇ ਮੁੜ ਸਕਣਗੇ। ਬ੍ਰਿਟੇਨ ਦੇ ਨਾਲ ਕਈ ਦੇਸ਼ਾਂ ਵੱਲੋਂ ਯਾਤਰਾ ਦੀ ਪਾਬੰਦੀ ਲਾਏ ਜਾਣ ਦੇ ਬਾਅਦ ਬ੍ਰਿਟੇਨ ਵਿੱਚ ਹੀ ਨਹੀਂ, ਤੁਰਕੀ ਦੀਆਂ ਸੁਪਰਮਾਰਕੀਟਾਂ ਵਿਚ ਹਫੜਾ-ਦਫੜੀ ਦੇਖਣ ਨੂੰ ਮਿਲੀ। ਇਸ ਤਰ੍ਹਾਂ ਕਈ ਹੋਰ ਦੇਸ਼ ਵੀ ਇਸ ਤੋਂ ਪ੍ਰਭਾਵਤ ਹੋ ਸਕਦੇ ਹਨ। ਓਧਰ ਭਾਰਤ ਵਿੱਚ ਕੱਲ੍ਹ ਰਾਤ ਲੰਡਨ ਤੋਂ ਅੰਮ੍ਰਿਤਸਰ ਏਅਰਪੋਰਟ ਉੱਤੇ ਲੈਂਡ ਹੋਈ ਉਡਾਣਵਿੱਚ 264 ਯਾਤਰੀ ਸਵਾਰਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਅੱਠ ਜਣੇ ਕੋਰੋਨਾਵਾਇਰਸ ਤੋਂ ਪ੍ਰਭਾਵਤ ਮਿਲੇ ਹਨ। ਪੌਜ਼ੇਟਿਵ ਯਾਤਰੀਆਂ ਵਿੱਚ 6 ਮਰਦਅਤੇ 2 ਔਰਤਾਂ ਹਨ। ਇਨ੍ਹਾਂ ਸਾਰੇ ਯਾਤਰੀਆਂ ਨੂੰ ਨਿਯਮ ਅਨੁਸਾਰ ਕੁਆਰੰਟੀਨਵਿੱਚ ਭੇਜਿਆ ਜਾਏਗਾ।