ਟੋਰਾਂਟੋ, ਅਜੇ ਠੰਢ ਦਾ ਜ਼ੋਰ ਅਗਲੇ ਹਫਤੇ ਵਧਣ ਦੀ ਉਮੀਦ ਹੈ ਪਰ ਅਗਲੇ ਦੋ ਕੁ ਦਿਨਾਂ ਵਿੱਚ ਜੀਟੀਏ ਵਿੱਚ ਠੰਢ ਵਧਣ ਦੇ ਆਸਾਰ ਬਣਨੇ ਸ਼ੁਰੂ ਹੋ ਗਏ ਹਨ| ਮੰਗਲਵਾਰ ਨੂੰ ਸਿਟੀ ਦੇ ਉੱਤਰ ਵੱਲ ਭਾਰੀ ਬਰਫਬਾਰੀ ਦੇ ਹਾਲਾਤ ਬਣ ਗਏ ਪਰ ਟੋਰਾਂਟੋ ਵਿੱਚ ਬੁੱਧਵਾਰ ਨੂੰ ਠੰਢ ਦਾ ਜ਼ੋਰ ਹੋਰ ਵਧਣ ਦੀ ਸੰਭਾਵਨਾ ਹੈ| ਨੇੜ ਭਵਿੱਖ ਵਿੱਚ ਤਾਪਮਾਨ ਹੋਰ ਠੰਢਾਂ ਹੋਣ ਦੇ ਆਸਾਰ ਨਜ਼ਰ ਆਉਣ ਕਾਰਨ ਸਿਟੀ ਆਫ ਟੋਰਾਂਟੋ ਵੱਲੋਂ ਬੇਘਰੇ ਲੋਕਾਂ ਨੂੰ ਸੜਕਾਂ ਤੋਂ ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ| ਇਸ ਸਥਿਤੀ ਦੇ ਮੱਦੇਨਜ਼ਰ 129 ਪੀਟਰ ਸਟਰੀਟ, 5800 ਯੰਗ ਸਟਰੀਟ, ਐਗਜ਼ੀਬਿਸ਼ਨ ਪਲੇਸ ਤੇ ਸਕਾਰਬੌਰੋ ਸਿਵਿਕ ਸੈਂਟਰ ਵਿਖੇ ਚਾਰ ਵਾਰਮਿੰਗ ਸੈਂਟਰ ਖੋਲ੍ਹੇ ਜਾਣਗੇ| ਆਮਤੌਰ ਉੱਤੇ ਸਿਟੀ ਠੰਢ ਬੇਹੱਦ ਵਧਣ ਤੋਂ ਬਾਅਦ ਐਲਰਟ ਜਾਰੀ ਹੋਣ ਤੱਕ ਉਡੀਕ ਕਰਦੀ ਹੈ ਪਰ ਇਸ ਵਾਰੀ ਸਿਟੀ ਨੇ ਕੜਾਕੇ ਦੀ ਠੰਢ ਤੋਂ ਪਹਿਲਾਂ ਹੀ ਸਾਰੇ ਇੰਤਜ਼ਾਮ ਕਰਨ ਦਾ ਫੈਸਲਾ ਕੀਤਾ ਹੈ| ਇਹ ਵਾਰਮਿੰਗ ਸੈਂਟਰ ਸੁæੱਕਰਵਾਰ ਦੁਪਹਿਰ ਤੱਕ 24 ਘੰਟੇ ਖੁੱਲ੍ਹੇ ਰਹਿਣਗੇ| ਆਊਟਰੀਚ ਵਰਕਰਜ਼ ਬੇਘਰੇ ਲੋਕਾਂ ਨੂੰ ਹੱਲਾਸ਼ੇਰੀ ਦੇ ਕੇ ਇਨ੍ਹਾਂ ਵਾਰਮਿੰਗ ਸੈਂਟਰਜ਼ ਉੱਤੇ ਭੇਜਣ ਦੀ ਕੋਸ਼ਿਸ਼ ਕਰਨਗੇ ਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਕੰਬਲ ਤੇ ਸਲੀਪਿੰਗ ਬੈਗਜ਼ ਵੀ ਦਿੱਤੇ ਜਾਣਗੇ| ਸਵੇਰ ਵੇਲੇ ਤੇ ਦੁਪਹਿਰ ਵੇਲੇ ਭਾਰੀ ਬਰਫਬਾਰੀ ਕਾਰਨ ਆਵਾਜਾਈ ਵਿੱਚ ਵੀ ਵਿਘਨ ਪਵੇਗਾ| ਇਹ ਬਰਫਬਾਰੀ ਕਦੋਂ ਤੱਕ ਰਹੇਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ| ਬੁੱਧਵਾਰ ਸਵੇਰ ਤੋਂ ਬਰਫਬਾਰੀ ਸ਼ੁਰੂ ਹੋਣ ਦੀ ਸੰਭਾਵਨਾ ਹੈ ਤੇ ਕਈ ਥਾਂਵਾਂ ਉੰਤੇ ਤਾਂ ਪੰਜ ਤੋਂ ਦਸ ਸੈਂਟੀਮੀਟਰ ਤੱਕ ਬਰਫਬਾਰੀ ਹੋ ਸਕਦੀ ਹੈ|