ਟੋਰਾਂਟੋ, 9 ਦਸੰਬਰ 2020 :ਕੋਰੋਨਾ ਦੇ ਵੱਧ ਰਹੇ ਅਸਰ ਕਾਰਨ ਕੈਨੇਡਾ ਦੀ ਸਰਕਾਰ ਨੇ ਸੂਬੇ ਅਲਬਰਟਾ ਵਿਚ ਚਾਰ ਹਫ਼ਤਿਆਂ ਲਈ ਸਖ਼ਤ ਨਿਯਮ ਲਾਗੂ ਕਰ ਦਿਤੇ ਹਨ। ਸਰਕਾਰ ਨੇ ਇਹ ਫ਼ੈਸਲਾ ਲੋਕਾਂ ਦੇ ਹਿੱਤ ਵਿਚ ਲਿਆ ਹੈ ਤਾਂ ਜੋ ਕੋਰੋਨਾ ਵਾਇਰਸ ਨੂੰ ਹੋਰ ਫੈਲਣ ਤੋ ਰੋਕਿਆ ਜਾ ਸਕੇ। ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਕੁੱਝ ਦਿਨਾਂ ਵਿਚ ਕੋਰੋਨਾ ਵਾਇਰਸ ਰੋਕੂ ਦਾ ਟੀਕਾ ਵੀ ਲੋਕਾਂ ਤਕ ਪੁਜਦਾ ਕਰ ਰਹੀ ਹੈ। ਇਸ ਲਈ ਜੰਗੀ ਪੱਧਰ ਉਤੇ ਕਾਰਜ ਜਾਰੀ ਹਨ। ਸੂਬੇ ਦੇ ਮੁੱਖ ਮੰਤਰੀ ਜੈਸਨ ਕੈਨੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਥੇ ਦਸ ਦਈਏ ਕਿ 13 ਦਸੰਬਰ ਤੋਂ ਕੈਸੀਨੋ, ਜਿੰਮ ਬੰਦ ਰਹਿਣਗੇ ਅਤੇ ਰੈਸਟੋਰੈਂਟਾਂ, ਕੈਫੇ ਤੇ ਬਾਰਜ਼ ਵਿਚ ਬੈਠ ਕੇ ਖਾਣ-ਪੀਣ ਦੀ ਮਨਾਹੀ ਰਹੇਗੀ। ਹੇਅਰ ਤੇ ਨੇਲ ਸੈਲੂਨ ਵੀ ਬੰਦ ਰਹਿਣਗੇ। ਇਸ ਤੋ ਇਲਾਵਾ ਦਫ਼ਤਰਾਂ ਦਾ ਕੰਮ ਕਾਰ ਵੀ ਘਰਾਂ ਤੋ ਹੀ ਕੀਤਾ ਜਾਵੇਗਾ। ਘਰਾਂ ਦੇ ਬਾਹਰ ਬਾਜ਼ਾਰਾਂ ਵਿਚ ਜਾਂ ਕਿਤੇ ਵੀ ਭੀੜ ਇਕੱਠੀ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੂਬੇ ਦੇ ਸਿਹਤ ਮੰਤਰੀ ਟਾਈਲਰ ਸ਼ਾਂਦਰੋ ਨੇ ਕਿਹਾ ਕਿ ਜੋ ਲੋਕ ਇਕੱਲੇ ਰਹਿੰਦੇ ਹਨ ਉਹ ਦੋ ਨੇੜਲੇ ਲੋਕਾਂ ਨਾਲ ਬਾਹਰ ਨਿਕਲ ਸਕਦੇ ਹਨ। ਕੋਰੋਨਾ ਵਾਇਰਸ ਨੂੰ ਵੇਖਦੇ ਹੋਏ ਹੁਣ ਲੋਕਾਂ ਨੂੰ ਕ੍ਰਿਸਮਿਸ ਵੀ ਆਪਣੇ ਘਰਾਂ ਵਿਚ ਹੀ ਮਨਾਉਣੀ ਪਵੇਗੀ। ਅਲਬਰਟਾ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 1,727 ਨਵੇਂ ਮਾਮਲੇ ਸਾਹਮਣੇ ਆਏ ਅਤੇ ਹੁਣ ਤੱਕ ਇੱਥੇ 72,028 ਮਾਮਲੇ ਸਾਹਮਣੇ ਆ ਚੁੱਕੇ ਹਨ।