ਜਲੰਧਰ, (ਵਿਸ਼ਾਲ/ਰੋਜਾਨਾ ਆਜਤਕ)-ਸ਼ੁੱਕਰਵਾਰ ਨੂੰ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਏਡੀਸੀ ਵਿਸ਼ੇਸ਼ ਸਾਰੰਗਲ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਕੀਤੀ ਗਈ। ਮੀਟਿੰਗ ਸ਼ੁਰੂ ਕਰਦਿਆਂ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਵੱਲੋਂ ਕੋਵਿਡ-19 ਸਬੰਧੀ ਸਿਹਤ ਵਿਭਾਗ ਵੱਲੋਂ ਦਿੱਤੀਆ ਜਾ ਰਹੀਆਂ ਸੇਵਾਵਾਂ ਦੀ ਕਾਰਗੁਜ਼ਾਰੀ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿਚ ਵਿਸ਼ੇਸ਼ ਸਾਰੰਗਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਸਿਹਤ ਵਿਭਾਗ ਵੱਲੋਂ ਕੋਵਿਡ-19 ਸਬੰਧੀ ਦਿੱਤੀਆਂ ਗਈਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਅਜੇ ਕੋਰੋਨਾ ਮਹਾਮਾਰੀ ਖ਼ਤਮ ਨਹੀਂ ਹੋਈ ਸਗੋਂ, ਸਾਨੂੰ ਸਾਰਿਆਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਮੈਡੀਕਲ ਅਫ਼ਸਰਾਂ ਵੱਲੋਂ ਆਪਣੇ ਏਰੀਏ ‘ਚ ਕੋਵਿਡ-19 ਦੇ ਸੈਂਪਲ ਲੈ ਰਹੀਆਂ ਟੀਮਾਂ ਦੀ ਸੁਪਰਵੀਜ਼ਨ ਵਧਾਈ ਜਾਵੇ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਹੈ ਜੋ ਅਧਿਆਪਕ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ, ਉਨ੍ਹਾਂ ਨੂੰ ਕਿਹਾ ਜਾਵੇ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਡੇਂਗੂ ਵਿਰੁੱਧ ਜਨ-ਜਾਗਰੂਕਤਾ, ਪਲਸ ਪੋਲੀਓ ਅਤੇ ਕੋਰੋਨਾ ਮਹਾਮਾਰੀ ਤੋਂ ਬਚਣ ਬਾਰੇ ਸੁਨੇਹਾ ਜ਼ਰੂਰ ਦਿੱਤਾ ਜਾਵੇ। ਉਨ੍ਹਾਂ ਕੌਮੀ ਸਿਹਤ ਪ੍ਰਰੋਗਰਾਮਾਂ ਅਤੇ ਸਿਹਤ ਸਕੀਮਾਂ ਦੇ ਕੰਮਾਂ ਦੀ ਸਮੀਖਿਆ ਕੀਤੀ ਅਤੇ ਹਦਾਇਤ ਕੀਤੀ ਕਿ ਲੋਕਾਂ ਨੂੰ ਕੋਰੋਨਾ ਮਹਾਮਾਰੀ, ਡੇਂਗੂ ਅਤੇ ਪਲਸ ਪੋਲੀਓ ਪ੍ਰਤੀ ਜਾਗਰੂਕ ਕੀਤਾ ਜਾਵੇ। ਇਸਦੇ ਨਾਲ ਹੀ ਲੋਕਾਂ ਨੂੰ ਕਿਹਾ ਜਾਵੇ ਕਿ ਉਹ ਸਮਾਜਿਕ ਦੂਰੀ ਬਣਾ ਕੇ ਰੱਖਣ, ਮਾਸਕ ਜ਼ਰੂਰ ਪਾਇਆ ਜਾਵੇ ਅਤੇ ਵਾਰ-ਵਾਰ ਹੱਥ ਧੋਣ ਦੀ ਪ੍ਰਕਿਰਿਆ ਜਾਰੀ ਰੱਖੀ ਜਾਵੇ ਤਾਂ ਹੀ ਅਸੀਂ ਸਾਰੇ ਰਲ ਕੇ ਕੋਰੋਨਾ ਉਪਰ ਜਿੱਤ ਪ੍ਰਰਾਪਤ ਕਰ ਸਕਦੇ ਹਾਂ। ਉਨ੍ਹਾਂ ਹਦਾਇਤ ਕੀਤੀ ਕਿ ਤਿਉਹਾਰ ਨੇੜੇ ਆ ਰਹੇ ਹਨ, ਸਿਹਤ ਵਿਭਾਗ ਵੱਲੋਂ ਮਠਿਆਈਆਂ ਦੀ ਵੱਧ ਤੋਂ ਵੱਧ ਸੈਂਪਲਿੰਗ ਵਧਾਈ ਜਾਵੇ ਤਾਂ ਕਿ ਲੋਕਾਂ ਨੂੰ ਸਾਫ਼ ਸੁਥਰਾ ਅਤੇ ਮਿਲਾਵਟ ਰਹਿਤ ਖਾਧ ਪਦਾਰਥ ਮਿਲ ਸਕੇ। ਇਸ ਮੌਕੇ ਡਾ. ਮਨਦੀਪ ਕੌਰ ਮੈਡੀਕਲ ਸੁਪਰਡੈਂਟ, ਡਾ. ਰਾਜੀਵ ਸ਼ਰਮਾ ਜ਼ਿਲ੍ਹਾ ਟੀਬੀ ਅਫ਼ਸਰ, ਡਾ. ਰਮਨ ਕੁਮਾਰ ਗੁਪਤਾ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਗੁਰਮੀਤ ਕੌਰ ਦੁੱਗਲ ਸਹਾਇਕ ਸਿਵਲ ਸਰਜਨ, ਡਾ. ਜੋਤੀ ਸ਼ਰਮਾ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਸਤੀਸ਼ ਕੁਮਾਰ ਜ਼ਿਲ੍ਹਾ ਐਪੀਡਿਮਲੋਜਿਸਟ, ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਬਲਬੀਰ ਸਿੰਘ ਐਕਸੀਅਨ ਪੀਡਬਲਯੂਡੀ, ਡੀਡੀਪੀਓ, ਹਰਿੰਦਰ ਪਾਲ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ(ਸ), ਰਾਮਪਾਲ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ(ਐ) ਅਤੇ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਸਮੂਹ ਬੀਡੀਪੀਓਜ਼, ਰਮਨ ਵਿਰਦੀ ਫੂਡ ਸੇਫਟੀ ਅਫ਼ਸਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।