ਜਲੰਧਰ,(ਵਿਸ਼ਾਲ) -ਚੱਕਾ ਜਾਮ ਨੂੰ ਸਫਲ ਬਣਾਉਣ ਲਈ ਜੀਟੀ ਰੋਡ ਬਾਠ ਕੈਸਲ ਦੇ ਨਜ਼ਦੀਕ ਇਲਾਕੇ ਦੇ ਪਿੰਡ ਵਾਸੀਆਂ ਤੇ ਅਹੁਦੇਦਾਰਾਂ ਵਲੋਂ ਧਰਨਾ ਲਗਾ ਕੇ ਸੜਕ ਦੇ ਚਾਰੋ ਪਾਸੇ ਜਾਮ ਕਰਕੇ ਤਿੰਨ ਘੰਟੇ ਲਈ ਚੱਕਾ ਜਾਮ ਕੀਤਾ ਗਿਆ। ਧਰਨਾ ਲਗਾ ਕੇ ਬੈਠੇ ਸੈਂਕੜੇ ਲੋਕਾਂ ਵਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਲਾਕੇ ਦੇ ਪਿੰਡਾਂ ਦੀਆਂ ਬੀਬੀਆਂ ਨੇ ਇਸ ਚੱਕਾ ਜਾਮ ‘ਚ ਵੱਧ ਚੜ੍ਹ ਕੇ ਹਿੱਸਾ ਲਿਆ। ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਸਰਕਾਰ ਵਲੋਂ ਲਿਆਦੇ ਗਏ ਕਾਲੇ ਖੇਤੀ ਕਾਨੂੰਨਾਂ ‘ਤੇ ਚਾਨਣਾ ਪਾਇਆ। ਬੁਲਾਰਿਆਂ ਨੇ ਲੋਕਾਂ ਨੂੰ ਸਮਝਾਇਆ ਇਹ ਖੇਤੀ ਕਾਨੂੰਨ ਕਿਵੇ ਦੇਸ਼ ਦੀ ਕਿਸਾਨੀ ਨੂੰ ਖਤਮ ਕਰ ਦੇਣਗੇ। ਉਨਾਂ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕਿਵੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਸੌਪ ਰਹੇ ਹਨ ਜਿਸ ਨਾਲ ਦੇਸ਼ ਇਨਾਂ ਲੋਕਾਂ ਕੋਲ ਗੁਲਾਮ ਹੋ ਜਾਵੇਗਾ। ਇਸ ਮੌਕੇ ਬੁਲਾਰਿਆਂ ਨੇ 26 ਜਨਵਰੀ ਤੋ ਬਾਅਦ ਲਾਪਤਾ ਹੋਏ ਨੌਜਵਾਨਾਂ ਨੂੰ ਲੱਭਣ ਅਤੇ ਕਿਸਾਨਾਂ ਤੇ ਦਰਜ ਕੀਤੇ ਗਏ ਝੂਠੇ ਪਰਚੇ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਜੋ ਕਿਸਾਨ ਪਹਿਲੇ ਦਿਨ ਤੋ ਦਿੱਲੀ ਧਰਨੇ ਵਿੱਚ ਸ਼ਾਮਲ ਸਨ ਉਨਾਂ ਨੇ ਵੀ ਚੱਕਾ ਜਾਮ ਵਿੱਚ ਹਿੱਸਾ ਲਿਆ। ਇਸ ਮੌਕੇ ਸਟੇਜ ਦੀ ਜੁੰਮੇਵਾਰੀ ਬਲਵੰਤ ਸਿੰਘ ਕੋਟ ਕਲਾਂ ਨੇ ਨਿਭਾਈ। ਇਸ ਧਰਨੇ ਵਿੱਚ ਕੋਟਕਲਾਂ ਵਾਸੀਆਂ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਬਲਵੀਰ ਸਿੰਘ ਬਿੱਟੂ ਸਾਬਕਾ ਕੌਸਲਰ, ਦਵਿੰਦਰ ਸਿੰਘ ਬੁਿਢਆਣਾ, ਰੁਪਿੰਦਰ ਕੌਰ ਖਾਲਸਾ, ਕਾਮਰੇਡ ਸੁਰਿੰਦਰ ਸਿੰਘ, ਸੁਖਵੀਰ ਸਿੰਘ ਸਲਾਰ ਪੁਰ, ਲਖਵੀਰ ਸਿੰਘ ਜੌਹਲ, ਜੋਗਾ ਸਿੰਘ ਸਲੇਮ ਪੁਰ, ਬਲਜੀਤ ਸਿੰਘ ਕਿੰਦਾ ਕੁੱਕੜ ਪਿੰਡ, ਕਰਮਜੀਤ ਸਿੰਘ ਡਿਪਟੀ, ਸੁਰਿੰਦਰ ਸਿੰਘ ਖਜੂਰਲਾ, ਸੁਰਿੰਦਰ ਸਿੰਘ ਮਿਨਹਾਸ ਆਦਿ ਨੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਰਣਧੀਰ ਸਿੰਘ ਬਾਹੀਆ, ਜੱਗੀ ਟਿਵਾਣਾ, ਬਲਵੀਰ ਸਿੰਘ ਪ੍ਰਧਾਨ ਕੋਟ ਕਲਾਂ, ਹਰਪਾਲ ਸਿੰਘ ਬਾਹੀਆ, ਬਿੱਲਾ ਟੁੱਟ, ਪਰਮਜੀਤ ਸਿੰਘ ਬਰਾੜ, ਗੁਰਜੋਤ ਸਿੰਘ ਬਾਹੀਆ, ਸੁਰਵਿੰਦਰ ਸਿੰਘ ਢੱਡਾ, ਕੁਲਵਿੰਦਰ ਸਿੰਘ ਬਾਹੀਆ ਇਲਾਕੇ ਦੇ ਨੌਜਵਾਨ ਅਤੇ ਬੀਬੀਆਂ ਨੇ ਹਾਜਰੀ ਲਵਾਈ।