ਆਸਟ੍ਰੇਲੀਆ ਸਰਕਾਰ ਨੇ ਮਾਰਚ ਤਕ ਲੋਕਾਂ ਨੂੰ ਦੇਸ਼ ਤੋਂ ਬਾਹਰ ਯਾਤਰਾ ਕਰਨ ਤੋਂ ਵਰਜਿਆ

ਬ੍ਰਿਸਬੇਨ, 12  ਦਸੰਬਰ 2020 : ਕੋਰੋਨਾ ਮਹਾਂਮਾਰੀ ਕਾਰਨ ਆਸਟਰੇਲੀਆ ਸਰਕਾਰ ਨੇ ਆਪਣੇ ਦੇਸ਼ ਵਾਸੀਆਂ ਲਈ ਹਦਾਇਤ ਜਾਰੀ ਕੀਤੀ ਹੈ ਕਿ ਅਗਲੇ ਸਾਲ ਮਾਰਚ ਦੇ ਅੱਧ ਤਕ ਦੇਸ਼ ਵਾਸੀ ਦੇਸ਼ ਤੋਂ ਬਾਹਰ ਯਾਤਰਾ ਨਾ ਕਰਨ। ਸਰਕਾਰੀ ਅਧਿਕਾਰੀਆਂ ਨੇ ਕਿਹਾ ਹੈ ਕਿ ਅਸੀ ਪੂਰੀ ਕੋਸਿ਼ਸ਼ ਵਿਚ ਹਾਂ ਕਿ ਕੋਰੋਨਾ ਨੂੰ ਰੋਕ ਲਿਆ ਜਾਵੇ। ਉਨ੍ਹਾਂ ਕਿਹਾ ਕਿ ਅਸੀ ਆਪਣੇ ਦੇਸ਼ ਵਿਚ ਕੋਰੋਨਾ ਦਾ ਟੀਕਾ ਵੀ ਛੇਤੀ ਹੀ ਲਾਂਚ ਕਰ ਰਹੇ ਹਾਂ, ਅਜਿਹੇ ਵਿਚ ਲੋਕਾਂ ਨੂੰ ਥੋਹੜਾ ਸੰਜਮ ਰਖਣਾ ਚਾਹੀਦਾ ਹੈ । ਸਰਕਾਰ ਨੇ ਇਹ ਪਾਬੰਦੀ 17 ਮਾਰਚ, 2021 ਤੱਕ ਵਧਾ ਦਿਤੀ ਹੈ।
ਫ਼ੈਡਰਲ ਸਰਕਾਰ ਦਾ ਮੰਨਣਾ ਹੈ ਕਿ ਇਸ ਤਤਕਾਲੀਨ ਮਿਆਦ ਨੂੰ ਵਧਾਉਣ ਦਾ ਫ਼ੈਸਲਾ ਨਾਗਰਿਕਾਂ ਦੀ ਭਵਿੱਖੀ ਸਿਹਤ ਸੁਰੱਖਿਆ ਅਤੇ ਬਾਹਰੀ ਮੁਲਕਾਂ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਧਿਆਨ ‘ਚ ਰੱਖ ਕੇ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮੌਜੂਦਾ ਯਾਤਰਾ ਦੀਆਂ ਪਾਬੰਦੀਆਂ ਅਧੀਨ ਆਸਟ੍ਰੇਲੀਅਨ ਨਾਗਰਿਕ ਅਤੇ ਸਥਾਈ ਵਸਨੀਕ ਉਦੋਂ ਤੱਕ ਦੇਸ਼ ਨਹੀਂ ਛੱਡ ਸਕਦੇ ਜਦੋਂ ਤੱਕ ਉਨ੍ਹਾਂ ਨੂੰ ਆਸਟ੍ਰੇਲੀਅਨ ਬਾਰਡਰ ਫੋਰਸ (ਏਬੀਐਫ) ਤੋਂ ਮਨਜ਼ੂਰੀ ਨਹੀਂ ਮਿਲ ਜਾਂਦੀ ਅਤੇ ਵਿਭਾਗ ਵੱਲੋਂ ਇਹ ਯਾਤਰਾ ਮਨਜ਼ੂਰੀ ਬਹੁਤ ਹੀ ਮੁਸ਼ਕਿਲ ਹਲਾਤਾਂ ਵਿਚ ਦਿੱਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਦਸਿਆ ਕਿ ਸਿਰਫ਼ ਵਿਸ਼ੇਸ਼ ਹਾਲਾਤਾਂ ਜਿਵੇਂ ਪਰਿਵਾਰ ‘ਚ ਮੌਤ, ਕਾਰੋਬਾਰ, ਡਾਕਟਰੀ ਇਲਾਜ, ਤਰਸਵਾਨ ਜਾਂ ਮਾਨਵਤਾਵਾਦੀ ਅਧਾਰਾਂ, ਰਾਸ਼ਟਰੀ ਹਿੱਤ ਜਾਂ ਤੁਸੀਂ ਤਿੰਨ ਮਹੀਨੇ ਜਾਂ ਇਸ ਤੋਂ ਵੱਧ ਸਮੇਂ ਲਈ ਆਸਟ੍ਰੇਲੀਆ ਤੋਂ ਬਾਹਰ ਯਾਤਰਾ ਕਰ ਰਹੇ ਹੋ ਆਦਿ ਸਥਿਤੀ ‘ਚ ਯਾਤਰਾ ਮਨਜ਼ੂਰੀ ਮਿਲਣੀ ਸੰਭਵ ਹੈ।  ਇਨ੍ਹਾਂ ਪ੍ਰਸਤਾਵਿਤ ਤਬਦੀਲੀਆਂ ਨੂੰ ਗਵਰਨਰ-ਜਨਰਲ ਵਲੋਂ ਅਗਲੇ ਹਫ਼ਤੇ ਰਸਮੀ ਤੌਰ ‘ਤੇ ਮਨਜ਼ੂਰੀ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *