ਚੰਡੀਗੜ੍ਹ,ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਪ੍ਰਜੀਡੀਅਮ ਦੁਆਰਾ ਚੰਡੀਗੜ੍ਹ ਵਿਖੇ ਪਾਰਟੀ ਕਨਵੀਨਰ ਸ. ਗੁਰਪ੍ਰਤਾਪ ਸਿੰਘ ਵਡਾਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸ੍ਰੀ ਆਕਾਲ ਤਖਤ ਸਾਹਿਬ ਵਿਰੁੱਧ ਯੋਜਨਾ ਬੱਧ ਤਰੀਕੇ ਨਾਲ ਹੋ ਰਹੀ ਸਾਜ਼ਿਸ਼ੀ ਬਿਆਨਬਾਜ਼ੀ ਨੂੰ ਗੰਭੀਰਤਾ ਨਾਲ ਲੈਂਦਿਆਂ ਤਾੜਨਾ ਕਰਦਿਆਂ ਆਖਿਆ ਕਿ ਕਿਸੇ ਇੱਕ ਵਿਅਕਤੀ ਜਾਂ ਇੱਕ ਪਰਿਵਾਰ ਨੂੰ ਬਚਾਉਣ ਖਾਤਰ ਖ਼ਾਲਸਾ ਪੰਥ ਦੀ ਮਹਾਨ ਸੰਸਥਾ ਦੇ ਸਤਿਕਾਰ, ਪ੍ਰਮਾਣਤਾ ਤੇ ਸਰਵਉੱਚਤਾ ‘ਤੇ ਸਵਾਲ ਖੜ੍ਹੇ ਨਾ ਕੀਤੇ ਜਾਣ। ਇਸ ਮੌਕੇ ਉਨ੍ਹਾਂ ਆਖਿਆ ਕਿ ਕਿੰਤੂ-ਪ੍ਰੰਤੂ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਇਤਿਹਾਸ ਤੋਂ ਸਬਕ ਸਿੱਖਣ ਦੀ ਲੋੜ ਹੈ ਕਿ ਸ੍ਰੀ ਆਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾਉਣ ਵਾਲਿਆਂ ਨੂੰ ਖ਼ਾਲਸਾ ਪੰਥ ਨੇ ਹਮੇਸ਼ਾ ਨਕਾਰਿਆ ਤੇ ਦੁਰਕਾਰਿਆ ਹੈ।
ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਖਿਆ ਕਿ ਜਿਹੜੇ ਪੰਥ ਦੇ ਲੀਡਰ ਸ੍ਰੀ ਆਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਅਤੇ ਸਿਰ ਝੁਕਾਉਣ ਦਾ ਦਾਅਵਾ ਕਰਦੇ ਸਨ, ਪ੍ਰੰਤੂ ਅੱਜ ਉਹੀ ਲੀਡਰ ਜਾਂ ਉਹਨਾਂ ਦੇ ਇਸ਼ਾਰੇ ਤੇ ਚੱਲਣ ਵਾਲੇ ਉਨ੍ਹਾਂ ਦੇ ਸਾਥੀ ਸ਼ਰੇਆਮ ਸਿੰਘ ਸਾਹਿਬਾਨਾਂ ਤੋਂ ਆਪਣੀ ਮਰਜ਼ੀ ਮੁਤਾਬਕ ਫ਼ੈਸਲਾ ਕਰਨ ਲਈ ਗਲਤ ਢੰਗ ਤਰੀਕਿਆਂ ਨਾਲ ਦਬਾਅ ਪਾ ਰਹੇ ਹਨ । ਉਨਾਂ ਆਖਿਆ ਕਿ ਇਸ ਜੁੰਡਲੀ ਦੇ ਅਜਿਹੇ ਕਾਰਨਾਮਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਇਹਨਾਂ ਦੁਆਰਾ ਸ੍ਰੀ ਆਕਾਲ ਤਖਤ ਸਾਹਿਬ ਅੱਗੇ ਸਮਰਪਿਤ ਹੋਣਾ ਅਤੇ ਸਿਰ ਝੁਕਾਉਣਾ ਮਹਿਜ਼ ਇੱਕ ਡਰਾਮਾ ਸੀ। ਉਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਇਸ ਤਰ੍ਹਾਂ ਪੰਥਕ ਮਾਮਲਿਆਂ ਨੂੰ ਲੈ ਕੇ ਕਿਸੇ ਧਿਰ ਨੇ ਜਾਂ ਕਿਸੇ ਆਗੂ ਵੱਲੋਂ ਸਿੰਘ ਸਾਹਿਬਾਨ ਦੇ ਫੈਸਲਿਆਂ ਨੂੰ ਚੁਨੌਤੀ ਨਹੀਂ ਦਿੱਤੀ ਗਈ।
ਇਸ ਮੌਕੇ ਵਡਾਲਾ ਨੇ ਆਖਿਆ ਕਿ ਇਹ ਸਾਰੇ ਆਗੂ ਪਿਛਲੇ ਸਮੇਂ ਦੌਰਾਨ ਸ੍ਰੀ ਆਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਲੈ ਕੇ ਅਕਸਰ ਸਵਾਲ ਕਰਦੇ ਹਨ ਅਤੇ ਸਿੰਘ ਸਭਾਵਾਂ ਵੱਲੋਂ ਸੱਦੀਆਂ ਮੀਟਿੰਗਾਂ ਵਿੱਚੋਂ ਗੈਰ ਹਾਜ਼ਰ ਹੋਣ ਲਈ ਬੁੱਧੀਜੀਵੀਆਂ ਤੇ ਦਬਾਅ ਪਾਉਦੇ ਹਨ। ਇਸ ਨਾਲ ਇਹ ਸਿੰਘ ਸਾਹਿਬਾਨਾਂ ਦੇ ਅਧਿਕਾਰ ਖੇਤਰ ਨੂੰ ਚੁਣੌਤੀ ਦੇ ਰਹੇ ਹਨ ਅਤੇ ਪੰਥਕ ਸੰਸਥਾਵਾਂ ਨੂੰ ਢਾਹ ਲਗਾ ਰਹੇ ਹਨ।
ਉਨਾਂ ਆਖਿਆ ਕਿ ਲੰਮੇ ਸਮੇਂ ਬਾਅਦ ਖ਼ਾਲਸਾ ਪੰਥ ਨੂੰ ਜੋੜਨ ਅਤੇ ਕੌਮ ਸਾਹਮਣੇ ਆਈਆਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸ੍ਰੀ ਆਕਾਲ ਤਖਤ ਸਾਹਿਬ ਤੋਂ ਖ਼ਾਲਸੇ ਦੀਆਂ ਪੁਰਾਤਨ ਰਹੁ ਰੀਤਾਂ ਤੇ ਪਰੰਪਰਾਵਾਂ ਅਨੁਸਾਰ ਯੋਗ ਅਗਵਾਈ ਕਰਨ ਦੀ ਆਸ ਬੱਝੀ ਹੈ। ਪ੍ਰੰਤੂ ਸਿੱਖ ਸੰਸਥਾਵਾਂ ਤੇ ਕਾਬਜ਼ ਧੜੇ ਨੇ ਆਪਣੀ ਚੌਧਰ ਖੁਸਦੀ ਨਜ਼ਰ ਆਉਣ ਕਰਕੇ ਸਿੰਘ ਸਾਹਿਬਾਨਾਂ ਤੇ ਦਬਾਅ ਪਾ ਕੇ ਆਪਣੀ ਮਨ ਮਰਜ਼ੀ ਦੇ ਫ਼ੈਸਲੇ ਕਰਵਾਉਣ ਦੀ ਵੱਡੀ ਕੁਤਾਹੀ ਕੀਤੀ।
ਉਨਾਂ ਆਖਿਆ ਕਿ ਗਿਣੀ ਮਿਥੀ ਸ਼ਾਜਿਸ ਤਹਿਤ ਵਿਰਸਾ ਸਿੰਘ ਵਲਟੋਹਾ ਤੋਂ ਬਾਅਦ ਹੁੱਣ ਹਰਵਿੰਦਰ ਸਿੰਘ ਸਰਨਾ ਜੋ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗੇ ਸਿੱਖਾਂ ਦੇ ਕਾਤਲਾਂ ਦੇ ਗੂੜੇ ਮਿੱਤਰ ਅਤੇ ਕਾਂਗਰਸੀ ਪਿਛੋਕੜ ਵਾਲੇ ਹਨ, ਉਨਾਂ ਵਲੋ ਜਥੇਦਾਰ ਸਾਹਿਬ ਵਿਰੁੱਧ ਬੇਤੁੱਕੇ ਬਿਆਨ, ਨਿੱਜੀ ਚਿੱਕੜ ਉਛਾਲਣਾ ਤੇ ਕਿਰਦਾਰਕੁਸ਼ੀ ਕਰਨ ਦੇ ਘਿਨੌਣੇ ਕਾਰਨਾਮਿਆਂ ਨੇ ਸਿੱਖ ਸੰਸਥਾਵਾਂ ਦੇ ਵੱਕਾਰ ਨੂੰ ਵੱਡੀ ਢਾਹ ਲਗਾਉਣ ਵਾਲੀ ਸਾਜ਼ਿਸ਼ ਰਚੀ। ਜੋ ਅੱਜ ਤੱਕ ਸਿੱਖ ਇਤਿਹਾਸ ਵਿੱਚ ਕਿਸੇ ਗੈਰ ਅਕਾਲੀ ਦੀ ਹਿੰਮਤ ਨਹੀਂ ਪਈ। ਉਨਾਂ ਆਖਿਆ ਕਿ ਇਹ ਸਭ ਮਨ ਮਰਜ਼ੀ ਦੀਆਂ ਖੇਡਾਂ ਖੇਡਣ ਲਈ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਨਿੱਜ ਲਈ ਵਰਤਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਪ੍ਰੰਤੂ ਇਤਿਹਾਸ ਗਵਾਹ ਹੈ ਕਿ ਖਾਲਸਾ ਪੰਥ ਨੇ ਅਜਿਹੇ ਨਿੱਜ ਪ੍ਰਸਤੀ ਲੋਕਾਂ ਨੂੰ ਕਦੇ ਵੀ ਮੁਆਫ਼ ਨਹੀਂ ਕੀਤਾ।