ਪੰਚਕੂਲਾ, 19 ਫਰਵਰੀ 2021: ਈਡੀ ਦੀ ਵਿਸ਼ੇਸ਼ ਅਦਾਲਤ ਨੇ ਪੰਚਕੂਲਾ ਦੇ ਇੰਡਸਟਰੀਅਲ ਪਲਾਟ ਵੰਡ ਮਾਮਲੇ ’ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਸਣੇ 22 ਲੋਕਾਂ ਵਿਰੁੱਧ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਸਾਰਿਆਂ ਕੋਲੋਂ ਕੋਰਟ ਨੇ 5 ਮਾਰਚ ਤੱਕ ਜਵਾਬ ਮੰਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਸ ਮਾਮਲੇ ਵਿੱਚ 16 ਫਰਵਰੀ ਨੂੰ ਪ੍ਰਿਵੈਨਸ਼ਨ ਆਫ਼ ਮਨੀ ਲਾਂਡਰਿੰਗ ਐਕਟ ਦੇ ਤਹਿਤ 22 ਲੋਕਾਂ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਸੀ।
ਦੋਸ਼ ਹੈ ਕਿ 2013 ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਦੇ ਜਾਣਕਾਰਾਂ ਨੂੰ ਫਰਜ਼ੀ ਢੰਗ ਨਾਲ 30.34 ਕਰੋੜ ਰੁਪਏ ਵਿੱਚ 14 ਉਦਯੋਗਿਕ ਪਲਾਟ ਵੰਡੇ ਗਏ ਸਨ। ਹੁਣ ਮਾਮਲੇ ਦੀ ਅਗਲੀ ਸੁਣਵਾਈ 5 ਮਾਰਚ ਨੂੰ ਹੋਵੇਗੀ। ਈਡੀ ਨੇ ਸਟੇਟ ਵਿਜੀਲੈਂਸ ਬਿਊਰੋ, ਹਰਿਆਣਾ ਦੀ ਐਫਆਈਆਰ ਨੰਬਰ 9, 19 ਦਸੰਬਰ 2015 ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ। ਇਹ ਐਫਆਈਆਰ ਸੀਬੀਆਈ ਨੂੰ ਟਰਾਂਸਫਰ ਕੀਤੀ ਗਈ ਸੀ ਤੇ ਕੇਸ ਦਰਜ ਕੀਤਾ ਗਿਆ ਸੀ। ਈਡੀ ਦੇ ਮੁਤਾਬਕ ਐਚਐਸਵੀਪੀ ਨੇ ਪਲਾਟ ਅਲਾਟਮੈਂਟ ਲਈ 7 ਦਸੰਬਰ 2011 ਤੋਂ 6 ਜਨਵਰੀ 2012 ਤੱਕ ਅਰਜ਼ੀਆਂ ਮੰਗੀਆਂ ਸਨ।