ਆਉਂਦੇ ਦੋ ਦਿਨਾਂ ਦੌਰਾਨ ਮੀਂਹ, ਹਨੇਰੀ ਤੇ ਗੜ੍ਹੇਮਾਰੀ ਦੀ ਸੰਭਾਵਨਾ

ਚੰਡੀਗੜ੍ਹ : ਬੀਤੇ ਕੱਲ੍ਹ ਤੋਂ ਬਦਲੇ ਮੌਸਮ ਦਾ ਮਿਜ਼ਾਜ਼ ਅਗਲੇ ਦੋ-ਤਿੰਨ ਦਿਨਾਂ ਦੌਰਾਨ ਵੀ ਇਸੇ ਤਰ੍ਹਾਂ ਜਾਰੀ ਰਹਿਣ ਦੇ ਅਸਾਰ ਹਨ। ਇਹ ਮੀਂਹ ਜਿੱਥੇ ਫ਼ਸਲਾਂ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ, ਉਥੇ ਹੀ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਧਰਨਾਕਾਰੀ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਸਕਦਾ ਹੈ। ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਮੁਤਾਬਕ 3 ਜਨਵਰੀ ਨੂੰ ਦਿੱਲੀ-ਐਨਸੀਆਰ ਸਮੇਤ ਨੇੜਲੇ ਇਲਾਕਿਆਂ ਵਿਚ ਤੂਫਾਨ ਤੋਂ ਇਲਾਵਾ ਮੀਂਹ ਪੈਣ ਦੀ ਸੰਭਾਵਨਾ ਹੈ। ਬੀਤੇ ਕੱਲ੍ਹ ਸਵੇਰ ਤੋਂ ਮੌਸਮ ’ਚ ਸ਼ੁਰੂ ਹੋਈ ਗੜਬੜੀ ਐਤਵਾਰ ਵੀ ਜਾਰੀ ਰਹੀ। ਐਤਵਾਰ ਤੜਕੇ ਗਰਜ ਤੇ ਚਮਕ ਨਾਲ ਦਿੱਲੀ ਐਨਸੀਆਰ ਦੇ ਬਹੁਤ ਸਾਰੇ ਇਲਾਕਿਆਂ ਵਿਚ ਤੇਜ਼ ਬਾਰਸ਼ ਹੋੋਈ। ਮੌਸਮ ਵਿਭਾਗ ਮੁਤਾਬਕ ਇਹ ਮੌਸਮੀ ਕਾਰਵਾਈ ਅਗਲੇ ਦੋ-ਤਿੰਨ ਦਿਨ ਜਾਰੀ ਰਹਿ ਸਕਦੀ ਹੈ, ਖ਼ਾਸ ਕਰ ਕੇ 4 ਤੇ 5 ਜਨਵਰੀ ਨੂੰ ਵਧੇਰੇ ਮੀਂਹ ਦੀ ਸੰਭਾਵਨਾ ਹੈ।ਪੱਛਮੀ ਗੜਬੜੀ ਕਾਰਨ, ਗਾਜੀਆਬਾਦ, ਉੱਤਰ ਪ੍ਰਦੇਸ ਦੇ ਨੋਇਡਾ, ਦਿੱਲੀ ਦੇ ਉੱਤਰ ਪੱਛਮੀ ਖੇਤਰ ਸਮੇਤ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਚੰਗੀ ਬਾਰਸ਼ ਵੇਖਣ ਨੂੰ ਮਿਲੀ ਹੈ। ਮੌਸਮ ਵਿਭਾਗ ਨੇ 3 ਜਨਵਰੀ ਨੂੰ ਦਿੱਲੀ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼ ਸਣੇ ਕਈ ਰਾਜਾਂ ਵਿਚ ਬਾਰਸ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇਨ੍ਹਾਂ ਇਲਾਕਿਆਂ ’ਚ ਭਾਰੀ ਮੀਂਹ ਦੇ ਨਾਲ ਨਾਲ ਗੜੇਮਾਰੀ ਵੀ ਹੋ ਸਕਦੀ ਹੈ।ਮੌਸਮ ਵਿਭਾਗ ਮੁਤਾਬਕ 4-5 ਜਨਵਰੀ ਨੂੰ ਦਿੱਲੀ, ਹਿਮਾਚਲ ਪ੍ਰਦੇਸ, ਜੰਮੂ-ਕਸਮੀਰ, ਉੱਤਰਾਖੰਡ, ਪੰਜਾਬ ਵਿਚ ਭਾਰੀ ਬਾਰਸ ਤੇ ਗੜੇਮਾਰੀ ਪਏਗੀ। ਮੌਸਮ ਵਿਭਾਗ ਨੇ ਰਾਜਗੜ, ਅਲਵਰ, ਦੌਸਾ, ਸੋਨੀਪਤ, ਦਾਦਰੀ, ਨੋਇਡਾ, ਗਾਜੀਆਬਾਦ, ਅਲੀਗੜ, ਬਦੂਨ, ਮੋਦੀਨਗਰ, ਮਥੁਰਾ, ਹਾਥਰਸ, ਜੀਂਦ, ਪਾਣੀਪਤ, ਕਰਨਾਲ ਸਮੇਤ ਕਈ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਭਾਰਤ ਮੌਸਮ ਵਿਭਾਗ ਅਨੁਸਾਰ ਖੁਰਜਾ, ਏਟਾ, ਕਿਸਨਗੰਜ, ਅਮਰੋਹਾ, ਮੁਰਾਦਾਬਾਦ, ਚੰਦੌਸੀ, ਆਗਰਾ, ਮਥੁਰਾ, ਨੋਇਡਾ ਵਿੱਚ ਹਲਕੇ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਕਾਬਲੇਗੌਰ ਹੈ ਕਿ ਮੌਸਮ ਦੇ ਬਦਲੇ ਤੇਵਰਾਂ ਕਾਰਨ ਜ਼ਿਆਦਾ ਚਿੰਤਾ ਧਰਨਿਆਂ ’ਚ ਬੈਠੇ ਕਿਸਾਨਾਂ ਨੂੰ ਲੈ ਕੇ ਜਾਹਰ ਕੀਤੀ ਜਾ ਰਹੀ ਹੈ। ਠੰਡ ਦੇ ਮੌਸਮ ਵਿਚ ਸੜਕਾਂ ਕੰਢੇ ਟਰਾਲੀਆਂ ਅਤੇ ਛੋਟੇ ਟੈਂਟਾਂ ਵਿਚ ਰਾਤਾਂ ਗੁਜਾਰਨਾ ਵੈਸੇ ਵੀ ਕਿਸੇ ਚੁਨੌਤੀ ਤੋਂ ਘੱਟ ਨਹੀਂ ਸੀ, ਉਪਰੋਂ ਮੀਂਹ, ਹਨੇਰੀ ਅਤੇ ਗੜ੍ਹੇਮਾਰੀ ਕਾਰਨ ਮੁਸ਼ਕਲਾਂ ਹੋਰ ਵਧਣ ਦੇ ਅਸਾਰ ਹਨ। ਪਰ ਦੂਜੇ ਪਾਸੇ ਸੰਘਰਸ਼ੀ ਧਿਰਾਂ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਹਨ। ਕਿਸਾਨਾਂ ਮੁਤਾਬਕ ਮੀਂਹ-ਕਣੀ ਨਾਲ ਦੋ-ਚਾਰ ਹੋਣਾ ਉਨ੍ਹਾਂ ਲਈ ਨਵੀਂ ਗੱਲ ਨਹੀਂ। ਸਰਦ ਰਾਤਾਂ ਵਿਚ ਫ਼ਸਲਾਂ ਨੂੰ ਪਾਣੀ ਲਾਉਣਾ ਅਤੇ ਮੰਡੀਆਂ ਵਿਚ ਵੱਡੀਆਂ ਮੌਸਮੀ ਗੜਬੜੀਆਂ ਦੌਰਾਨ ਫ਼ਸਲਾਂ ਦੀ ਸਾਂਭ-ਸੰਭਾਲ ਕਰਨ ਕਾਰਨ ਕਿਸਾਨਾਂ ਦਾ ਅਜਿਹੀਆਂ ਮੁਸ਼ਕਲਾਂ ਨਾਲ ਨਿਤ ਵਾਹ ਪੈਂਦਾ ਹੈ।

Leave a Reply

Your email address will not be published. Required fields are marked *