ਮੁੰਬਈ, ਆਪਣੇ ਤਿੱਖੇ ਤੇਵਰਾਂ ਕਾਰਨ ਸੁਰਖੀਆਂ ‘ਚ ਰਹਿਣ ਵਾਲੀ ਅਦਾਕਾਰਾ ਕੰਗਨਾ ਰਨੌਤ ਨੇ ਹੁਣ ਸ਼ਿਵਸੈਨਾ ਦੀ ਹੋ ਚੁੱਕੀ ਅਦਾਕਾਰਾ ਉਰਮਿਲਾ ਮਾਤੋਂਡਕਰ ਨੂੰ ਇਕ ਵਾਰ ਫਿਰ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਉਰਮਿਲਾ ਦੇ ਸ਼ਿਵਸੈਨਾ ‘ਚ ਸ਼ਾਮਲ ਹੋਣ ਦੇ ਕੁਝ ਹੀ ਹਫ਼ਤੇ ਬਾਅਦ ਤਿੰਨ ਕਰੋੜ ਰੁਪਏ ‘ਚ ਦਫ਼ਤਰ ਖ਼ਰੀਦਣ ਬਾਰੇ ਵਿਅੰਗ ਕੀਤਾ। ਇਸ ਦੇ ਜਵਾਬ ‘ਚ ਉਰਮਿਲਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਦਫ਼ਤਰ ਮਿਹਨਤ ਦੀ ਕਮਾਈ ਨਾਲ ਖ਼ਰੀਦਿਆ ਹੈ। ਇਸ ਤੋਂ ਪਹਿਲਾਂ ਬੀਤੇ ਸਤੰਬਰ ‘ਚ ਵੀ ਕੰਗਨਾ ਨੇ ਉਰਮਿਲਾ ਨੂੰ ‘ਸਾਫਟ ਪੋਰਨ ਸਟਾਰ’ ਤਕ ਕਹਿ ਦਿੱਤਾ ਸੀ। ਕਾਬਿਲੇਗੌਰ ਹੈ ਕਿ ਮਾਤੋਂਡਕਰ ਨੇ 2019 ‘ਚ ਕਾਂਗਰਸ ਦੀ ਟਿਕਟ ‘ਤੇ ਲੋਕਸਭਾ ਦੀ ਚੋਣ ਲੜੀ ਸੀ ਪਰ ਬਾਅਦ ‘ਚ ਪਾਰਟੀ ਛੱਡ ਦਿੱਤੀ ਤੇ ਇਕ ਦਸੰਬਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਸ਼ਿਵਸੈਨਾ ‘ਚ ਸ਼ਾਮਲ ਹੋ ਗਈ। ਕੰਗਨਾ ਨੇ ਟਵਿੱਟਰ ‘ਤੇ ਇਕ ਰਿਪੋਰਟ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ ਜਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ‘ਸ਼ਿਵਸੈਨਾ ‘ਚ ਸ਼ਾਮਲ ਹੋਣ ਦੇ ਕੁਝ ਹਫ਼ਤੇ ਬਾਅਦ ਹੀ’ ਉਰਮਿਲਾ ਨੇ ਤਿੰਨ ਕਰੋੜ ਰੁਪਏ ਦਾ ਇਕ ਦਫ਼ਤਰ ਖ਼ਰੀਦਿਆ ਹੈ। ਕੰਗਨਾ ਦਾ ਦਾਅਵਾ ਹੈ ਕਿ ਮਹਾਰਾਸ਼ਟਰ ‘ਚ ਸੱਤਾਧਾਰੀ ਗੱਠਜੋੜ ‘ਚ ਸ਼ਾਮਲ ਕਾਂਗਰਸ ਉਨ੍ਹਾਂ ਦਾ ਘਰ ਢਾਹੁਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਰਮਿਲਾ ਏਨੀ ‘ਸਮਾਰਟ’ ਹੈ ਕਿ ਉਨ੍ਹਾਂ ਆਪਣੀ ਪੁਰਾਣੀ ਪਾਰਟੀ ਨਾਲ ਵੀ ਚੰਗਾ ਸਬੰਧ ਕਾਇਮ ਰੱਖਿਆ ਹੈ। ਉਨ੍ਹਾਂ ਟਵੀਟ ਕੀਤਾ, ‘ਪਿ੍ਰਯ ਉਰਮਿਲਾ ਮਾਤੋਂਡਕਰ ਜੀ, ਮੈਂ ਮਿਹਨਤ ਦੀ ਕਮਾਈ ਨਾਲ ਜਿਸ ਘਰ ਨੂੰ ਬਣਾਇਆ ਹੈ, ਕਾਂਗਰਸ ਉਸ ਨੂੰ ਤੋੜ ਰਹੀ ਹੈ। ਭਾਜਪਾ ਤੋਂ ਪ੍ਰਭਾਵਿਤ ਹੋਣ ‘ਤੇ ਮੇਰੇ ਖ਼ਿਲਾਫ਼ 25-30 ਮੁਕੱਦਮੇ ਹੋਏ ਹਨ। ਕਾਸ਼, ਮੈਂ ਵੀ ਤੁਹਾਡੇ ਵਾਂਗ ਸਮਾਰਟ ਬਣ ਕੇ ਕਾਂਗਰਸ ਨੂੰ ਖ਼ੁਸ਼ ਰੱਖ ਸਕਦੀ। ਮੈਂ ਕਿੰਨੀ ਬੇਵਕੂਫ ਹਾਂ ਨਾ?’ ਇਸ ਦੇ ਜਵਾਬ ‘ਚ ਉਰਮਿਲਾ ਨੇ ਕੰਗਨਾ ਨੂੰ ਟੈਗ ਕਰਦੇ ਹੋਏ ਇਕ ਵੀਡੀਓ ਸ਼ੇਅਰ ਕੀਤਾ ਹੈ। ਨਾਲ ਹੀ ਕਿਹਾ ਹੈ ਕਿ ਕੰਗਨਾ ਇਕ ਮੁਲਾਕਾਤ ਤੈਅ ਕਰੇ ਜਿਸ ‘ਚ ਉਹ ਖ਼ੁਦ ਦੇ ਪਾਕ-ਸਾਫ਼ ਹੋਣ ਦੇ ਸਾਰੇ ਦਸਤਾਵੇਜ਼ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਉਸ ਕੋਲ ਇਸ ਗੱਲ ਦਾ ਸਬੂਤ ਹੈ ਕਿ 25-30 ਸਾਲ ਕੰਮ ਕਰਨ ਤੋਂ ਬਾਅਦ ਉਨ੍ਹਾਂ ਕਿਸ ਤਰ੍ਹਾਂ ਮਿਹਨਤ ਦੀ ਕਮਾਈ ਨਾਲ 2011 ‘ਚ ਇਖ ਫਲੈਟ ਖਰੀਦਿਆ ਸੀ। ਉਸ ਨੂੰ ਮਾਰਚ ਦੇ ਪਹਿਲੇ ਹਫ਼ਤੇ ਵੇਚਣ ਦਾ ਦਸਤਾਵੇਜ਼ ਵੀ ਹੈ। ਇਸ ਦੇ ਵੀ ਕਾਗਜ਼ਾਤ ਹਨ ਕਿ ਉਨ੍ਹਾਂ ਕਿਵੇਂ ਇਨ੍ਹਾਂ ਪੈਸਿਆਂ ਨਾਲ ਹੀ ਦਫ਼ਤਰ ਖ਼ਰੀਦਿਆ। ਉਹ ਫਲੈਟ ਰਾਜਨੀਤੀ ‘ਚ ਆਉਣ ਤੋਂ ਪਹਿਲਾਂ ਖ਼ਰੀਦਿਆ ਸੀ। ਉਰਮਿਲਾ ਨੇ ਕੰਗਨਾ ਨੂੰ ਸਤੰਬਰ 2020 ‘ਚ ਗ੍ਹਿ ਮੰਤਰਾਲੇ ਵੱਲੋਂ ਦਿੱਤੀ ਗਈ ਵਾਈ-ਪਲੱਸ ਸ਼੍ਰੇਣੀ ਦੀ ਸੁਰੱਖਿਆ ‘ਤੇ ਵੀ ਕਿਹਾ ਕਿ ਇਹ ਕਰੋੜ ਕਰਦਾਤਾਵਾਂ ਦੇ ਪੈਸੇ ਨਾਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਤੁਸੀਂ (ਕੰਗਨਾ) ਸਰਕਾਰ ਨਾਲ ਵਾਅਦਾ ਕੀਤਾ ਸੀ ਕਿ ਡਰੱਗ ਮਾਮਲੇ ਨਾਲ ਜੁੜੇ ਫਿਲਮ ਉਦਯੋਗ ਦੇ ਕਈ ਲੋਕਾਂ ਦੇ ਨਾਂ ਤੁਹਾਡੇ ਕੋਲ ਹਨ ਤੇ ਤੁਸੀਂ ਇਨ੍ਹਾਂ ਨਾਵਾਂ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਦੇਣਾ ਚਾਹੁੰਦੇ ਹੋਏ। ਹੁਣ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਉਹ ਸੂਚੀ ਦੇ ਦਿਓ। ਤੁਹਾਡੇ ਜਵਾਬ ਦਾ ਇੰਤਜਾਰ ਰਹੇਗਾ।