ਜਲੰਧਰ, 31 ਦਸੰਬਰ, 2020 : ਪੰਜਾਬ ਵਿੱਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਨੇ ਮੁਹਿੰਮ ਵਿੱਢੀ ਹੈ ਜਿਸ ਤਹਿਤ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਰਾਜ ਨਗਰ ਵਿਚ ਕਾਰਵਾਈ ਕਰਦੇ ਹੋਏ ਇਕ ਨੌਜਵਾਨ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ, ਜਦਕਿ ਨੌਜਵਾਨ ਦੀ ਮਾਂ ਪੁਲਿਸ ਪਾਰਟੀ ਦੇਖ ਕੇ ਪਹਿਲਾਂ ਹੀ ਮੌਕੇ ਤੋਂ ਫ਼ਰਾਰ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਸਬ ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਏਐੱਸਆਈ ਬਲਦੇਵ ਰਾਜ ਪੁਲਿਸ ਪਾਰਟੀ ਸਮੇਤ ਬਸਤੀ ਪੀਰਦਾਦ ਰੋਡ ‘ਤੇ ਸਥਿਤ ਗੁਰਦੁਆਰਾ ਸਾਹਿਬ ਲਾਗੇ ਗਸ਼ਤ ਕਰ ਰਹੇ ਸਨ ਕਿ ਮੁਖ਼ਬਰ ਖ਼ਾਸ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਕੁਲਦੀਪ ਕੁਮਾਰ ਉਰਫ਼ ਭੋਂਪੂ ਤੇ ਉਸ ਦੀ ਮਾਂ ਜਸਵਿੰਦਰ ਕੌਰ ਉਰਫ਼ ਜੱਸੀ ਵਾਸੀ ਨਿਊ ਰਾਜ ਨਗਰ ਆਪਣੇ ਘਰ ਦੇ ਬਾਹਰ ਨਾਜਾਇਜ਼ ਸ਼ਰਾਬ ਵੇਚ ਰਹੇ ਹਨ। ਜਿਸ ‘ਤੇ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਥਾਂ ‘ਤੇ ਜਦ ਛਾਪੇਮਾਰੀ ਕੀਤੀ ਤਾਂ ਜਸਵਿੰਦਰ ਕੌਰ ਜੱਸੀ ਮੌਕੇ ਤੋਂ ਫ਼ਰਾਰ ਹੋ ਗਈ। ਜਦ ਪੁਲਿਸ ਨੇ ਕੁਲਦੀਪ ਕੁਮਾਰ ਨੂੰ ਕਾਬੂ ਕਰ ਕੇ ਉਸ ਕੋਲ ਪਈ ਪਲਾਸਟਿਕ ਦੀ ਬੋਰੀ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ 36 ਬੋਤਲਾਂ ਨਾਜਾਇਜ ਸ਼ਰਾਬ ਬਰਾਮਦ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਦੋਵਾਂ ਮਾਂ ਪੁੱਤ ਖ਼ਿਲਾਫ਼ ਆਬਕਾਰੀ ਐਕਟ ਦੇ ਅਧੀਨ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਫ਼ਰਾਰ ਜਸਵਿੰਦਰ ਕੌਰ ਜੱਸੀ ਦੀ ਤਲਾਸ਼ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।