ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ‘ਤੇ ਕਾਰਵਾਈ ‘ਚ ਢਿੱਲ ਤਹਿਤ ਮੁੱਖ ਸਕੱਤਰ ਅਤੇ ਡੀਜੀਪੀ ਤਲਬ

ਚੰਡੀਗੜ੍ਹ, 31 ਦਸੰਬਰ, 2020. : ਇੱਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਧਰਨੇ ‘ਤੇ ਬੈਠੇ ਹਨ ਅਤੇ ਇਸੇ ਤਹਿਤ ਪਿਛਲੇ ਕੁਝ ਦਿਨਾਂ ਦੌਰਾਨ 1600 ਤੋਂ ਵੱਧ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਿਆ ਗਿਆ ਹੈ। ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਸੰਚਾਰ ਢਾਂਚੇ ਨੂੰ ਹੋਏ ਨੁਕਸਾਨ ਦੇ ਮਾਮਲੇ ‘ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਜੋ ਵਪਾਰ, ਵਿੱਦਿਅਕ ਸੰਸਥਾਵਾਂ, ਸਰਕਾਰ ਅਤੇ ਸਮਾਜ ਦੇ ਰੋੋਜ਼ਾਨਾ ਦੇ ਕੰਮਕਾਜ ਲਈ ਬਹੁਤ ਜ਼ਰੂਰੀ ਹਨ।ਉਨ੍ਹਾਂ ਕਿਹਾ ਕਿ ਇਹ ਮੁਸ਼ਕਿਲ ਦੀ ਘੜੀ ਹੈ ਜਦੋਂ ਆਨਲਾਈਨ ਕਲਾਸਾਂ ਦੁਆਰਾ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਲਈ ਇਹ ਸੰਚਾਰ ਲਾਈਨਾਂ ਬਹੁਤ ਮਹੱਤਵਪੂਰਨ ਹਨ। ਸੰਚਾਰ ਲਾਈਨਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਇਨ੍ਹਾਂ ਵਿੱਚ ਵਿਘਨ ਨਾਲ ਨਾ ਸਿਰਫ ਵਿਦਿਆਰਥੀਆਂ ਦਾ ਸਗੋਂ ਸਮੁੱਚੇ ਸਮਾਜ ਅਤੇ ਆਰਥਿਕਤਾ `ਤੇ ਵੱਖ ਵੱਖ ਰੂਪ ਵਿੱਚ ਇਸ ਦਾ ਪ੍ਰਭਾਵ ਪਵੇਗਾ।ਰਾਜਪਾਲ, ਪੰਜਾਬ ਨੇ ਮਹਿਸੂਸ ਕੀਤਾ ਕਿ ਅਜਿਹੇ ਨੁਕਸਾਨਾਂ ਨੂੰ ਰੋਕਣ ਵਿਚ ਕਾਨੂੰਨ ਲਾਗੂ ਕਰਨ ਏਜੰਸੀਆਂ ਦੀ ਅਸਫਲਤਾ ਰਹੀ ਹੈ। ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਅਜਿਹੀਆਂ ਭੰਨਤੋੜ ਵਾਲੀਆਂ ਕਾਰਵਾਈਆਂ ਮੁੜ ਵਾਪਰਨ ਤੋਂ ਰੋਕਣ ਅਤੇ ਰਾਜ ਵਿੱਚ ਸੰਚਾਰ ਢਾਂਚੇ ਦੀ ਸੁਰੱਖਿਆ ਲਈ ਤੁਰੰਤ ਕਦਮ ਚੁੱਕਣੇੇ ਚਾਹੀਦੇ ਹਨ। ਉਨ੍ਹਾਂ ਨੇ ਇਨ੍ਹਾਂ ਮਾਮਲਿਆਂ `ਤੇ ਰਿਪੋੋਰਟ ਮੰਗਣ ਅਤੇ ਆਪਣੀ ਗੰਭੀਰ ਚਿੰਤਾ ਜ਼ਾਹਰ ਕਰਨ ਲਈ ਮੁੱਖ ਸਕੱਤਰ ਅਤੇ ਡੀਜੀਪੀ  ਨੂੰ ਰਾਜ ਭਵਨ ਵਿਖੇ ਤਲਬ ਕਰਨ ਦਾ ਫ਼ੈਸਲਾ ਕੀਤਾ ਹੈ।

Leave a Reply

Your email address will not be published. Required fields are marked *