ਨਿਊਯਾਰਕ, 26 ਦਸੰਬਰ 2020: ਕੋਰੋਨਾ ਦੇ ਬਦਲੇ ਰੂਪ ਤੋ ਸਤਰਕ ਹੁੰਦੇ ਹੋਏ ਅਮਰੀਕਾ ਸਰਕਾਰ ਨੇ ਕੁੱਝ ਨਿਯਮ ਸਖ਼ਤ ਕਰ ਦਿਤੇ ਹਨ, ਖਾਸ ਕਰ ਕੇ ਬ੍ਰਿਟੇਨ ਤੋ ਆਉਣ ਵਾਲੇ ਯਾਤਰੀਆਂ ਕੋਲ ਹੁਣ ਕੋਰੋਨਾ ਮੁਕਤ ਹੋਣ ਦਾ ਸਰਟੀਫੀਕੇਟ ਹੋਣਾ ਜਰੂਰੀ ਕਰ ਦਿਤਾ ਗਿਆ ਹੈ। ਬਿ੍ਰਟੇਨ ਵਿਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਇਥੋਂ ਅਪਣੇ ਦੇਸ਼ ਵਿਚ ਆਉਣ ਵਾਲੇ ਯਾਤਰੀਆਂ ਲਈ ਪਾਬੰਦੀਆਂ ਦਾ ਐਲਾਨ ਪਹਿਲਾਂ ਹੀ ਕਈ ਦੇਸ਼ ਕਰ ਚੁੱਕੇ ਹਨ ਇਸੇ ਲੜੀ ਵਿਚ ਹੁਣ ਅਮਰੀਕਾ ਵੀ ਸਖ਼ਤ ਹੋ ਗਿਆ ਹੈ। ਅਮਰੀਕਾ ਦੇ ਸੀਡੀਸੀ ਮਹਿਕਮੇ ਦੇ ਅਧਿਕਾਰੀ ਨੇ ਕਿਹਾ ਕਿ ਬਿ੍ਰਟੇਨ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਨੂੰ ਅਪਣੀ ਯਾਤਰਾ ਦੇ ਤਿੰਨ ਦਿਨ ਅੰਦਰ ਕੋਵਿਡ-19 ਮੁਕਤ ਹੋਣ ਦਾ ਪ੍ਰਮਾਣ ਪੱਤਰ ਹਾਸਲ ਕਰ ਕੇ ਏਅਰ ਲਾਈਨ ਨੂੰ ਦੇਣਾ ਹੋਵੇਗਾ। ਸੀਡੀਸੀ ਨੇ ਕਿਹਾ ਕਿ ਇਸ ਨਾਲ ਸਬੰਧਤ ਹੁਕਮ ’ਤੇ ਅੱਜ ਕਾਰਵਾਈ ਹੋ ਜਾਵੇਗੀ ਅਤੇ ਇਹ ਨਿਯਮ ਆਉਂਦੇ ਸੋਮਵਾਰ ਤੋਂ ਲਾਗੂ ਹੋ ਜਾਣਗੇ। ਅਧਿਕਾਰੀਆਂ ਨੇ ਕਿਹਾ ਕਿ ਇਸ ਨਾਲ ਯਾਤਰੀਆਂ ਨੂੰ ਕੋਈ ਖਾਸ ਮੁਸ਼ਕਲ ਨਹੀ ਆਵੇਗੀ ਪਰ ਅਮਰੀਕਾ ਵਾਸੀਆਂ ਨੂੰ ਇਹ ਧਰਵਾਸ ਹੋਵੇਗਾ ਕਿ ਬ੍ਰਿਟੇਨ ਵਿਚ ਫੈਲ ਰਿਹਾ ਨਵਾਂ ਕੋਰੋਨਾ ਵਾਇਰਸ ਅਮਰੀਕਾ ਵਿਚ ਦਾਖ਼ਲ ਨਹੀ ਹੋ ਸਕੇਗਾ।