ਕਰਨਾਲ, 17 ਦਸੰਬਰ, 2020.: ਬੀਤੇ ਕਲ ਦਿੱਲੀ ਵਿਖੇ ਕਿਸਾਨਾਂ ਦੇ ਅੰਦੋਲਨ ਦੌਰਾਨ ਹਰਿਆਣਾ ਦੇ ਬਾਬਾ ਰਾਮ ਸਿੰਘ ਵਲੋ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਦਿਤੀ ਗਈ ਸੀ, ਹੁਣ ਉਨ੍ਹਾਂ ਦਾ ਅੰਤਮ ਸਸਕਾਰ ਭਲਕੇ ਯਾਨੀ ਕਿ ਸ਼ੁਕਰਵਾਰ ਨੂੰ ਹੋਵੇਗਾ। ਹਰਿਆਣਾ ’ਚ ਕਰਨਾਲ ਦੇ ਸੀਂਘੜਾ ਪਿੰਡ ਦੇ ਸੰਤ ਬਾਬਾ ਰਾਮ ਸਿੰਘ ਦਾ ਸਰੀਰ ਸੀਂਘੜਾ ਪਿੰਡ ਦੇ ਨਾਨਕਸਰ ਗੁਰਦੁਆਰਾ ਸਾਹਿਬ ’ਚ ਰੱਖਿਆ ਗਿਆ ਹੈ, ਜਿੱਥੇ ਵੱਡੀ ਗਿਣਤੀ ’ਚ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪੁੱਜ ਰਹੇ ਹਨ। ਵੱਡੀ ਗਿਣਤੀ ਵਿਚ ਦੇਸ਼ ਅਤੇ ਵਿਦੇਸ਼ ਤੋਂ ਨਾਨਕਸਰ ਗੁਰਦੁਆਰਾ ਸਾਹਿਬ ਵਿਚ ਸੰਗਤ ਪੁੱਜ ਰਹੀ ਹੈ। ਸੰਗਤਾਂ ਦਾ ਪੁੱਜਣਾ ਲਗਾਤਾਰ ਜਾਰੀ ਹੈ। ਦੱਸਣਯੋਗ ਹੈ ਕਿ ਸੰਤ ਬਾਬਾ ਰਾਮ ਸਿੰਘ ਕਰਨਾਲ ਜ਼ਿਲ੍ਹੇ ਦੇ ਪਿੰਡ ਸੀਂਘੜਾ ’ਚ ਰਹਿਣ ਵਾਲੇ ਸਨ, ਜਿੱਥੇ ਉਨ੍ਹਾਂ ਦਾ ਡੇਰਾ ਸੀ। ਆਪਣੇ ਭਗਤਾਂ ਵਿਚ ਉਹ ਸੀਂਘੜਾ ਵਾਲੇ ਬਾਬਾ ਦੇ ਨਾਂ ਤੋਂ ਜਾਣੇ ਜਾਂਦੇ ਸਨ। ਸੁਸਾਈਡ ਨੋਟ ਮੁਤਾਬਕ ਸੰਤ ਰਾਮ ਸਿੰਘ ਨੇ ਕਿਸਾਨਾਂ ’ਤੇ ਸਰਕਾਰ ਦੇ ਜ਼ੁਲਮ ਖ਼ਿਲਾਫ਼ ਖ਼ੁਦਕੁਸ਼ੀ ਕੀਤੀ ਹੈ। ਬਾਬਾ ਰਾਮ ਸਿੰਘ ਵੀ ਖ਼ੁਦ ਇਕ ਕਿਸਾਨ ਸਨ ਅਤੇ ਹਰਿਆਣਾ ਐੱਸ. ਜੀ. ਪੀ. ਸੀ. ਦੇ ਨੇਤਾ ਸਨ।