ਅਲੀਗੜ੍ਹ,13 ਦਸੰਬਰ, 2020: ਉੱਤਰ ਪ੍ਰਦੇਸ਼ ‘ਚ ਅਲੀਗੜ੍ਹ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿਚ ਪ੍ਰਦਰਸ਼ਨ ਦੌਰਾਨ ਦਰਜਨਾਂ ਕਿਸਾਨਾਂ ਨੂੰ ਸ਼ਨੀਵਾਰ ਹਿਰਾਸਤ ‘ਚ ਲਿਆ ਗਿਆ। ਪ੍ਰਦਰਸ਼ਨਕਾਰੀ ਟੋਲ-ਪਲਾਜ਼ਾ ਨੂੰ ਫਰੀ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਮੁਤਾਬਕ ਟੋਲ ਪਲਾਜ਼ਾ ਨੂੰ ਫਰੀ ਕਰਵਾਉਣ ਦੀ ਕੋਸ਼ਿਸ਼ ‘ਚ ਟੱਪਲ ਥਾਣੇ ਦੀ ਪੁਲਿਸ ਨੇ ਕੁਰਾਨਾ ‘ਚ ਕਿਸਾਨ ਯੂਨੀਅਨ ਦੇ ਕਈ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਨੀਵਾਰ ਰਾਤ 11 ਵਜੇ ਤਕ ਇਕ ਅਸਥਾਈ ਜੇਲ ‘ਚ ਰਖਿਆ ਜਾਣਾ ਸੀ। ਓਧਰ ਜ਼ਿਲ੍ਹਾ ਮੈਜਿਸਟ੍ਰੇਟ ਚੰਦਰ ਭੂਸ਼ਣ ਸਿੰਘ ਨੇ ਕਿਹਾ ਕਿ ਅਲੀਗੜ੍ਹ-ਆਗਰਾ ਹਾਈਵੇਅ ‘ਤੇ ਜੀ. ਟੀ. ਰੋਡ ਅਤੇ ਗਭਾਨਾ ਵਿਚ ਟੋਲ ਪਲਾਜ਼ਾ ਸਮੇਤ ਸੰਵੇਦਨਸ਼ੀਲ ਖੇਤਰਾਂ ‘ਚ ਭਾਰੀ ਪੁਲਿਸ ਫੋਰਸ ਤਾਇਨਾਤ ਹੈ ਅਤੇ ਗਸ਼ਤ ਵੀ ਜਾਰੀ ਹੈ। ਜ਼ਿਲ੍ਹਾ ਮੰਡੀ ਕਮੇਟੀ ਕੰਪਲੈਕਸ ਵਿਚ ਸਾਬਕਾ ਵਿਧਾਇਕ ਰਾਕੇਸ਼ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਮਾਜਵਾਦੀ ਪਾਰਟੀ (ਸਪਾ) ਦੇ ਮੈਂਬਰਾਂ ਨੂੰ ਵਿਰੋਧ-ਪ੍ਰਦਰਸ਼ਨ ਦੌਰਾਨ ਹਿਰਾਸਤ ‘ਚ ਲਿਆ ਗਿਆ।