ਜਲੰਧਰ, (ਰੋਜਾਨਾ ਆਜਤਕ)- ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਦਫ਼ਤਰ ਵਿਖੇ ਲਗਾਏ ਗਏ ਰੁਜ਼ਗਾਰ ਮੇਲੇ ਦੌਰਾਨ 601 ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਅੱਜ ਲਗਾਏ ਗਏ ਰੁਜ਼ਗਾਰ ਮੇਲੇ ਦੌਰਾਨ 752 ਨੌਜਵਾਨਾਂ ਵੱਲੋਂ ਸ਼ਿਰਕਤ ਕੀਤੀ ਗਈ। 103 ਕੰਪਨੀਆਂ ਜਿਨ੍ਹਾਂ ‘ਚ ਜ਼ੋਮੈਟੋ, 9 ਟੂ 5 ਤਕਨੌਲਜੀਜ਼, ਸਾਵੀ ਇੰਟਰਨੈਸ਼ਨਲ, ਆਈ.ਸੀ.ਆਈ.ਸੀ.ਆਈ. (ਐਨਆਈਆਈਟੀ), ਅਜੈ ਇੰਡਸਟਰੀਜ਼, ਗਰਿੱਪਵੈਲ ਟੂਲਜ਼, ਟੀ.ਡੀ.ਕੇ. ਵਾਲਵਜ਼, ਅਪੈਕਸ ਇਲੈਕਟਰੀਕਲਜ਼, ਬੀ.ਆਰ. ਇੰਡਸਟਰੀਜ਼ ਅਤੇ ਹੋਰਨਾਂ ਵੱਲੋਂ ਨਿੱਜੀ ਅਤੇ ਆਨਲਾਈਨ ਜ਼ਰੀਏ ਸ਼ਮੂਲੀਅਤ ਕਰਕੇ 601 ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਕਦਮ ਨੌਜਵਾਨਾਂ ਦੀ ਅਥਾਹ ਸ਼ਕਤੀ ਨੂੰ ਉਸਾਰੂ ਪਾਸੇ ਲਗਾਉਣ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ। ਰੁਜ਼ਗਾਰ ਮੇਲਿਆਂ ‘ਚ ਨੌਜਵਾਨਾਂ ਦੀ ਚੋਣ ਪਾਰਦਰਸ਼ੀ ਢੰਗ ਨਾਲ ਮੈਰਿਟ ਦੇ ਅਧਾਰ ‘ਤੇ ਕੀਤੀ ਜਾ ਰਹੀ ਹੈ।ਡਿਪਟੀ ਕਮਿਸ਼ਨਰ ਵਲੋਂ ਇਨ੍ਹਾਂ ਰੋਜ਼ਗਾਰ ਮੇਲਿਆਂ ਦੌਰਾਨ ਨੌਜਵਾਨਾਂ ਨੂੰ ਨੌਕਰੀਆਂ ਦੀ ਪੇਸ਼ਕਸ਼ ਕਰਨ ਵਿੱਚ ਪਾਏ ਗਏ ਵੱਡਮੁੱਲੇ ਸਹਿਯੋਗ ਬਦਲੇ ਉਦਯੋਗਪਤੀ ਮੁਕੁਲ ਵਰਮਾ ਨੂੰ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਵੱਲੋਂ ਆਪਣੇ ਦਫ਼ਤਰ ਤੋਂ ਚੁਣੇ ਗਏ ਨੌਜਵਾਨਾਂ ਨੂੰ ਨੌਕਰੀਆਂ ਦੀ ਪੇਸ਼ਕਸ਼ ਸਬੰਧੀ ਪੱਤਰ ਵੀ ਤਕਸੀਮ ਕੀਤੇ ਗਏ। ਉਨ੍ਹਾਂ ਦੱਸਿਆ ਕਿ 9 ਸਤੰਬਰ ਨੂੰ ਵੀ ਇਕ ਹੋਰ ਰੁਜ਼ਗਾਰ ਮੇਲਾ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਦਫ਼ਤਰ ਵਿਖੇ ਲਗਾਇਆ ਜਾਵੇਗਾ, ਜਿਸ ‘ਚ ਨਾਮੀ ਕੰਪਨੀਆਂ ਵੱਲੋਂ ਸ਼ਿਰਕਤ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਪੇਸ਼ਕਸ਼ ਕੀਤੀ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਰੋਜ਼ਗਾਰ ਪ੍ਰਰਾਪਤੀ ਲਈ www.pgrkam.com ‘ਤੇ ਰਜਿਸਟਰਡ ਹੋਣ ਨੂੰ ਯਕੀਨੀ ਬਣਾਉਣ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 90569-20100 ‘ਤੇ ਸੰਪਰਕ ਕਰ ਸਕਦੇ ਹਨ।