ਉੱਤਰੀ ਭਾਰਤ ਵਿਚ ਠੰਢ ਖਤਮ ਹੋਣ ਵਾਲੀ ਹੈ। ਭਾਰਤ ਮੌਸਮ ਵਿਭਾਗ (IMD) ਨੇ ਤਾਪਮਾਨ ਵਿੱਚ ਵਾਧੇ ਦਾ ਸੰਕੇਤ ਦਿੱਤਾ ਹੈ। ਇਸ ਦੌਰਾਨ ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਲਈ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। 13 ਤੋਂ 19 ਫਰਵਰੀ ਦੇ ਵਿਚਕਾਰ ਕਈ ਰਾਜਾਂ ਵਿੱਚ ਮੌਸਮ ਵਿਗੜਨ ਦੀ ਸੰਭਾਵਨਾ ਹੈ।ਮੌਸਮ ਵਿਭਾਗ ਅਨੁਸਾਰ ਇਕ ਪੱਛਮੀ ਗੜਬੜੀ 13 ਫਰਵਰੀ ਤੋਂ 17 ਫਰਵਰੀ ਤੱਕ ਉੱਤਰੀ ਭਾਰਤ ਨੂੰ ਪ੍ਰਭਾਵਿਤ ਕਰੇਗੀ। ਜੰਮੂ ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਸਣੇ ਛੇ ਰਾਜਾਂ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਉਮੀਦ ਹੈ। ਇਸ ਸਮੇਂ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਦੇ ਨਾਲ-ਨਾਲ ਗਰਜ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ।ਇਨ੍ਹਾਂ ਪੱਛਮੀ ਗੜਬੜੀਆਂ ਦੇ ਪ੍ਰਭਾਵ ਕਾਰਨ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਉਮੀਦ ਹੈ। ਤਾਜ਼ਾ ਬਰਫ਼ਬਾਰੀ ਠੰਡ ਨੂੰ ਤੇਜ਼ ਕਰੇਗੀ ਅਤੇ ਸ਼ੀਤ ਲਹਿਰ ਵਰਗੀਆਂ ਸਥਿਤੀਆਂ ਪੈਦਾ ਕਰ ਸਕਦੀ ਹੈ। ਇਸ ਦਾ ਪ੍ਰਭਾਵ ਮੈਦਾਨੀ ਇਲਾਕਿਆਂ – ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਤੱਕ ਫੈਲੇਗਾ ਜਿੱਥੇ ਬੱਦਲਵਾਈ, ਹਲਕੀ ਤੋਂ ਦਰਮਿਆਨੀ ਬਾਰਿਸ਼, ਗਰਜ-ਤੂਫ਼ਾਨ ਅਤੇ ਤੇਜ਼ ਹਵਾਵਾਂ ਦੇ ਦੌਰ ਦੀ ਉਮੀਦ ਹੈ।