ਨਵੀਂ ਦਿੱਲੀ- ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਦੋਸ਼ੀ ਨੀਰਵ ਮੋਦੀ ਦੀ ਹਵਾਲਗੀ ਨੂੰ ਮਨਜ਼ੂਰੀ ਮਿਲ ਗਈ ਹੈ। ਇਹ ਜਾਣਕਾਰੀ ਕੇਂਦਰੀ ਜਾਂਚ ਬਿਊਰੋ ਦੇ ਇੱਕ ਅਧਿਕਾਰੀ ਨੇ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਬ੍ਰਿਟੇਨ ਦੀ ਇੱਕ ਅਦਾਲਤ ਵਿੱਚ ਲੰਬੇ ਸਮੇਂ ਤੋਂ ਚਲ ਰਹੇ ਮੁਕੱਦਮੇ ਤੋਂ ਬਾਅਦਭਾਰਤ ਨੂੰ ਸਫਲਤਾ ਮਿਲੀ। ਬੀਤੇ ਮਹੀਨੇ ਅਦਾਲਤ ਨੇ ਆਰਥਿਕ ਅਪਰਾਧੀ ਮੋਦੀ ਦੀ ਹਵਾਲਗੀ ਦੀ ਮੰਗ ਨੂੰ ਸਵੀਕਾਰ ਕਰ ਲਿਆ ਸੀ। ਇਹ ਕਾਨੂੰਨੀ ਲੜਾਈ ਬ੍ਰਿਟਿਸ਼ ਅਦਾਲਤ ਵਿਚ ਤਕਰੀਬਨ 2 ਸਾਲ ਚੱਲੀ ਹੈ। ਭਾਰਤ ਲਿਆਂਦੇ ਜਾਣ ਤੋਂ ਬਾਅਦ ਮੋਦੀ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਰੱਖਿਆ ਜਾਵੇਗਾ। ਨਿਊਜ਼ ਏਜੰਸੀ ਏਐਨਆਈ ਅਨੁਸਾਰ, ਸੀਬੀਆਈ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਨੀਰਵ ਮੋਦੀ ਨੂੰ ਭਾਰਤ ਲਿਆਉਣ ਦੀ ਮਨਜ਼ੂਰੀ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਬ੍ਰਿਟੇਨ ਦੇ ਗ੍ਰਹਿ ਮੰਤਰੀ ਨੇ ਇਸ ਮਾਮਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੋਦੀ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਵੇਗੀ। ਖਾਸ ਗੱਲ ਇਹ ਹੈ ਕਿ ਮੋਦੀ ਤੋਂ ਬਾਅਦ ਸੀਬੀਆਈ ਨੇ ਉਸ ਦੇ ਭਰਾ ਨਿਹਾਲ ਮੋਦੀ ‘ਤੇ ਵੀ ਸ਼ਿਕੰਜਾ ਕੱਸਿਆ ਸੀ। 25 ਫਰਵਰੀ ਨੂੰ ਬ੍ਰਿਟਿਸ਼ ਅਦਾਲਤ ਨੇ ਮੋਦੀ ਦੀ ਹਵਾਲਗੀ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ। ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਮੁਲਜ਼ਮ ਲਈ ਇੱਕ ਵਿਸ਼ੇਸ਼ ਸੈੱਲ ਤਿਆਰ ਕੀਤਾ ਗਿਆ ਹੈ। ਇਕ ਜੇਲ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਭਾਰਤ ਲਿਆਉਣ ਤੋਂ ਬਾਅਦ, ਮੋਦੀ ਨੂੰ ਬੈਰਕ ਨੰਬਰ 12 ਦੇ ਤਿੰਨ ਸੈੱਲਾਂ ਵਿਚੋਂ ਕਿਸੇ ਇਕ ਵਿਚ ਰੱਖਿਆ ਜਾਵੇਗਾ। ਇਹ ਉੱਚ ਸੁਰੱਖਿਆ ਵਾਲੀ ਬੈਰਕ ਹੈ। ਦੋਸ਼ੀ 19 ਮਾਰਚ 2019 ਤੋਂ ਸਕਾਟਲੈਂਡ ਯਾਰਡ ਦੁਆਰਾ ਜਾਰੀ ਕੀਤੇ ਹਵਾਲਗੀ ਵਾਰੰਟ ‘ਤੇ ਜੇਲ੍ਹ ਵਿਚ ਹੈ।