ਸਿਡਨੀ, ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਰਾਜਾਂ ਵਿਚ ਕੋਰੋਨਾ ਮਾਮਲੇ ਤੇਜ਼ੀ ਨਾਲ ਵਧਣ ਕਾਰਨ ਕਈ ਰਾਜਾਂ ਨੇ ਮੁੜ ਯਾਤਰਾ ਪਾਬੰਦੀਆਂ ਲਗਾ ਦਿਤੀਆਂ ਹਨ। ‘ਆਸਟ੍ਰੇਲੀਆਈ ਕੈਪੀਟਲ ਟੈਰੇਟਰੀ’ ਨੇ ਸਿਡਨੀ ਦੇ ਉੱਤਰੀ ਸਮੁੰਦਰੀ ਕੰਢਿਆਂ, ਗ੍ਰੇਟਰ ਸਿਡਨੀ ਅਤੇ ਹੋਰ ਛੋਟੇ ਕੇਂਦਰਾਂ ਤੋਂ ਯਾਤਰੀਆਂ ਦੇ ਦਾਖ਼ਲ ਹੋਣ ’ਤੇ ਰੋਕ ਲਗਾ ਦਿਤੀ ਹੈ। ਤਸਮਾਨੀਆ ਰਾਜ ਨੇ ਵਿਕਟੋਰੀਆ ਵਿਚ ਹਾਲ ਵਿਚ ਪੀੜਤ ਹੋਏ ਲੋਕਾਂ ਨਾਲ ਸਿੱਧੇ ਤੌਰ ’ਤੇ ਜੁੜੇ ਹਰ ਇਕ ਵਿਅਕਤੀ ਦੇ ਆਉਣ ’ਤੇ ਰੋਕ ਲਗਾ ਦਿਤੀ ਹੈ। ਤਸਮਾਨੀਆ ਨੇ ਗ੍ਰੇਟਰ ਸਿਡਨੀ ਅਤੇ ਸਿਡਨੀ ਦੇ ਵੋਲੋਨਗੋਂਗ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ 14 ਦਿਨ ਦਾ ਇਕਾਂਤਵਾਸ ਲਾਜ਼ਮੀ ਕਰ ਦਿਤਾ ਹੈ ਜਦਕਿ ਸਿਡਨੀ ਦੇ ਉੱਤਰੀ ਸਮੁੰਦਰੀ ਕੰਢਿਆਂ ਦੇ ਲੋਕਾਂ ਦੇ ਦਾਖ਼ਲ ਹੋਣ ’ਤੇ ਪਾਬੰਦੀ ਹੈ।ਵਿਕੋਟਰੀਆ ਵਿਚ ਐਤਵਾਰ ਨੂੰ ਕੋਰੋਨਾ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਜਦਕਿ ਸਨਿਚਰਵਾਰ ਨੂੰ 10 ਨਵੇਂ ਮਾਮਲੇ ਸਾਹਮਣੇ ਆਏ ਸਨ। ਵਿਕਟੋਰੀਆ ਵਿਚ ਹਾਲ ਹੀ ਦਿਨ ਵਿਚ ਕੋਰੋਨਾ ਦੇ 21 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦਾ ਸਬੰਧ ਨਿਊ ਸਾਊਥ ਵੇਲਜ਼ ਵਿਚ ਫੈਲੀ ਲਾਗ ਨਾਲ ਹੈ। ਵਿਕੋਟਰੀਆ ਦੀ ਸਰਹੱਦ ਨੂੰ ਨਿਊ ਸਾਊਥ ਵੇਲਜ਼ ਤੋਂ ਆਉਣ ਵਾਲੇ ਯਾਤਰੀਆਂ ਲਈ ਬੰਦ ਕਰ ਦਿਤਾ ਗਿਆ ਹੈ। ਨਿਊ ਸਾਊਥ ਵੇਲਜ਼ ਵਿਚ ਐਤਵਾਰ ਨੂੰ ਕੋਰੋਨਾ ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਵਿਚ ਇਸ ਸਮੇਂ 161 ਲੋਕ ਇਲਾਜ ਅਧੀਨ ਹਨ ਅਤੇ ਇਹਨਾਂ ਵਿਚੋਂ ਜ਼ਿਆਦਾਤਰ ਮਾਮਲੇ ਸਿਡਨੀ ਦੇ ਉੱਤਰੀ ਕੰਢਿਆਂ ਨਾਲ ਜੁੜੇ ਹਨ। ਆਸਟ੍ਰੇਲੀਆ ਵਿਚ ਹੁਣ ਤਕ 28,462 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁਕੇ ਹਨ ਅਤੇ 909 ਲੋਕਾਂ ਦੀ ਮੌਤ ਹੋ ਚੁਕੀ ਹੈ।