ਲੰਡਨ, ਬ੍ਰਿਟੇਨ ਅਤੇ ਯੂਰਪੀ ਯੂਨੀਅਨ ਵਿਚਾਲੇ ਹੋਏ 668 ਬਿਲੀਅਨ ਪੌਂਡ ਦੇ ਵਪਾਰ ਸਮਝੌਤੇ ਨੂੰ ਕੱਲ੍ਹ ਬਰਤਾਨੀਆ ਦੀ ਪਾਰਲੀਮੈਂਟ ‘ਚ ਮਨਜ਼ੂਰੀ ਮਿਲ ਗਈ। ਇਸ ਵਪਾਰ ਸਮਝੌਤੇ ਦੇ ਹੱਕ ‘ਚ 571 ਅਤੇ ਵਿਰੋਧ ‘ਚ 73 ਵੋਟਾਂ ਪਈਆਂ ਅਤੇ ਸਮਝੌਤੇ ਦੇ ਮਤਾ ਪਾਸ ਹੋ ਗਿਆ ਹੈ। ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਇਸ ਸਮਝੌਤੇ ਨੂੰ ਬ੍ਰਿਟੇਨ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਦਿਆਂ ਇਸ ਨੂੰ ਦੇਸ਼ ਲਈ ਲਾਹੇਬੰਦ ਕਿਹਾ ਹੈ। ਕੁੱਲ 1200 ਤੋਂ ਵੱਧ ਸਫਿਆਂ ਦੇ ਇਸ ਸਮਝੌਤੇ ਨੂੰ ਸੱਤਾਧਾਰੀ ਪਾਰਟੀ ਦੇ ਪਾਰਲੀਮੈਂਟ ਮੈਂਬਰਾਂ ਤੋਂ ਇਲਾਵਾ ਲੇਬਰ ਪਾਰਟੀ ਨੇ ਵੀ ਹਮਾਇਤ ਦਿੱਤੀ ਹੈ, ਪਰ ਡੀ ਯੂ ਪੀ, ਸਕਾਟਿਸ਼ ਨੈਸ਼ਨਲ ਪਾਰਟੀ, ਲਿਬਰਲ ਡੈਮੋਕ੍ਰੇਟਿਕ ਦੇ ਮੈਂਬਰਾਂ ਨੇ ਇਸ ਸੰਧੀ ਦਾ ਵਿਰੋਧ ਕੀਤਾ ਹੈ। ਵਰਨਣ ਯੋਗ ਹੈ ਕਿ ਯੂਰਪੀਅਨ ਯੂਨੀਅਨ ਅਤੇ ਬ੍ਰਿਟੇਨ ਵਿਚਕਾਰ ਤੋੜ ਵਿਛੋੜੇ ਦੀ ਪ੍ਰਕਿਰਿਆ ਨੂੰ ਨੇਪਰੇ ਚਾੜਨ ਲਈ ਚਾਰ ਸਾਲ ਛੇ ਮਹੀਨੇ ਦੇ ਕਰੀਬ ਸਮਾਂ ਲੱਗਾ ਹੈ। ਦੋਵਾਂ ਧਿਰਾਂ ਵਿਚਕਾਰ ਵਪਾਰ ਸੰਧੀ ਨਿਰਧਾਰਿਤ ਦਿਨ ਤੋਂ ਸਿਰਫ ਇੱਕ ਦਿਨ ਪਹਿਲਾਂ 24 ਦਸੰਬਰ ਨੂੰ ਹੋਈ ਸੀ। 1 ਜਨਵਰੀ ਤੋਂ ਮੁਕੰਮਲ ਤੌਰ ‘ਤੇ ਵੱਖ ਹੋਣ ਵਾਲੇ ਬਰਤਾਨੀਆ ਦੇ ਦੋਵੇਂ ਸਦਨਾਂ ‘ਚ ਕੱਲ੍ਹ 30 ਨਵੰਬਰ ਨੂੰ ਉਕਤ ਸੰਧੀ ਨੂੰ ਪ੍ਰਵਾਨਗੀ ਮਿਲੀ ਹੈ। ਉਪਰਲੇ ਸਦਨ ‘ਚ ਪ੍ਰਵਾਨਗੀ ਮਿਲਣ ਤੋਂ ਬਾਅਦ ਮਹਾਰਾਣੀ ਐਲਿਜਾਬੈਥ ਬਿੱਲ ‘ਤੇ ਦਸਤਖ਼ਤ ਕਰਕੇ ਆਖਰੀ ਪ੍ਰਕਿਰਿਆ ਪੂਰੀ ਕਰੇਗੀ।