ਨਵੀਂ ਦਿੱਲੀ, 29 ਦਸੰਬਰ, 2020. : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਗੌਰਵਮਈ ਇਤਿਹਾਸ ਬਾਰੇ ਦਸਿਆ, ਜਿਸ ਵਿਚ ਆਰੀਆ ਭੱਟ ਵਰਗੇ ਪ੍ਰਾਚੀਨ ਵਿਗਿਆਨੀਆਂ ਦੀਆਂ ਮਹਾਨ ਖੋਜਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਚ ਸੁਪਰ ਪਾਵਰ ਬਣਨ ਦੀ ਸੰਭਾਵਨਾ ਹੈ ਅਤੇ ਇਸ ਲਈ ਸਿਖਿਆ, ਸਿਹਤ ਅਤੇ ਉਦਯੋਗ ਦੇ ਖੇਤਰਾਂ ਵਿਚ ਮਹੱਤਵਪੂਰਨ ਪ੍ਰਾਪਤੀਆਂ ਦੀ ਲੋੜ ਹੈ। ਇਸ ਦੌਰਾਨ ਆਈਆਈਐਮ ਰਾਂਚੀ ਦੇ ਆਨਲਾਈਨ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਵਿਗਿਆਨਕ ਖੋਜ ਦੇ ਖੇਤਰ ਵਿਚ ਭਾਰਤ ਦੇ ਅਮੀਰ ਯੋਗਦਾਨ ਬਾਰੇ ਵਿਚਾਰ-ਵਟਾਂਦਰੇ ਕਰਦਿਆਂ ਕਿਹਾ ਕਿ ਆਰੀਆ ਭੱਟ ਨੇ ਜਰਮਨ ਦੇ ਖਗੋਲ ਵਿਗਿਆਨੀ ਕੋਪਰਨਿਕਸ ਤੋਂ ਇਕ ਹਜ਼ਾਰ ਸਾਲ ਪਹਿਲਾਂ ਧਰਤੀ ਦੇ ਗੋਲ ਆਕਾਰ ਅਤੇ ਇਸ ਦੇ ਧੁਰੇ ਉੱਤੇ ਚੱਕਰ ਲਗਾਉਣ ਦੀ ਪੁਸ਼ਟੀ ਕੀਤੀ ਸੀ।