ਔਟਵਾ, 10 ਦਸੰਬਰ, 2020 : ਦੁਨੀਆ ਵਿਚ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਲੋਕਾਂ ਨੂੰ ਹੁਣ ਦਵਾਈ ਮਿਲਣ ਦੀ ਉਮੀਦ ਜਾਗ ਪਈ ਹੈ। ਲੋਕਾਂ ਨੂੰ ਹੁਣ ਕੋਰੋਨਾ ਵਾਇਰਸ ਦੀ ਦਵਾਈ ਮਿਲਣੀ ਸ਼ੁਰੂ ਹੋ ਗਈ ਹੈ । ਕਈ ਦੇਸ਼ਾਂ ਵਿਚ ਅਜੇ ਇਸ ਦੀ ਸ਼ੁਰੂਆਤ ਹੋਣੀ ਹੈ।
ਇਸੇ ਤਰ੍ਹਾਂ ਬਰਤਾਨੀਆ ਅਤੇ ਬਹਿਰੀਨ ਤੋਂ ਬਾਅਦ ਹੁਣ ਕੈਨੇਡਾ ਨੇ ਬੁਧਵਾਰ ਨੂੰ ਦੋ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿਚ ਫਾਈਜ਼ਰ Îਇੰਕ ਅਤੇ ਬਾਇਓ ਐਨਟੈਕ ਕੰਪਨੀਆਂ ਸ਼ਾਮਲ ਹਨ। ਇਸ ਦੇ ਨਾਲ ਹੀ ਕੈਨੇਡਾ ਵਿਚ ਅਗਲੇ ਹਫਤੇ ਤੋਂ ਕੋਰੋਨਾ ਵੈਕਸੀਨ ਲੱਗਣ ਦਾ ਰਸਤਾ ਸਾਫ ਹੋ ਗਿਆ ਹੈ। ਇਸ ਨਾਲ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਰਾਹਤ ਮਿਲੇਗੀ। ਇਸ ਤੋਂ ਬਾਅਦ ਅਮਰੀਕਾ ਵਿਚ ਵੀ ਕ੍ਰਿਸਮਸ ਤੋਂ ਵੈਕਸੀਨ ਲਗਾਈ ਜਾਣੀ ਹੈ।
ਕੈਨੇਡਾ ਦੇ ਸਿਹਤ ਵਿਭਾਗ ਨੇ ਕਿਹਾ ਕਿ ਸਬੂਤ ਦੇ ਆਧਾਰ ‘ਤੇ ਵੈਕਸੀਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਕਾਫੀ ਸੁਰੱਖਿਅਤ, ਪ੍ਰਭਾਵੀ ਅਤੇ ਚੰਗੀ ਗੁਣਵੱਤਾ ਵਾਲੀ ਵੈਕਸੀਨ ਹੈ। ਵੈਕਸੀਨ ਨੂੰ ਸ਼ੁਰੂ ਵਿਚ 16 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਵਿਚ ਵਰਤੋਂ ਦੇ ਲਈ ਮਨਜ਼ੂਰੀ ਦਿੱਤੀ ਗਈ ਹੈ।
ਗੌਰਤਲਬ ਹੈ ਕਿ ਫਾਈਜ਼ਰ ਅਤੇ ਬਾਇਓ ਐਨਟੈਕ ਦੀ ਕੋਰੋਨਾ ਵੈਕਸੀਨ ਨੂੰ ਅਮਰੀਕੀ ਨਿਯਾਮਕਾਂ ਨੇ ਪ੍ਰਭਾਵੀ ਮੰਨਿਆ ਹੈ। ਅਮਰੀਕੀ ਖੁਰਾਕ ਅਤੇ ਔਸ਼ਧੀ ਪ੍ਰਸ਼ਾਸਨ (ਐਫਡੀਏ) ਨੇ ਵਿਸ਼ਲੇਸ਼ਣ ਆਨਲਾਈਨ ਪੋਸਟ ਕੀਤਾ ਹੈ, ਜਿਸ ਵਿਚ ਕਿਹਾ ਗਿਆ ਕਿ ਫਾਈਜ਼ਰ ਦੀ ਵੈਕਸੀਨ ਕੋਰੋਨਾ ਵਾਇਰਸ ਸੰਕਰਮਣ ਦੇ ਖ਼ਿਲਾਫ਼ ਬਹੁਤ ਸੁਰੱਖਿਅਤ ਅਤੇ ਪ੍ਰਭਾਵੀ ਹੈ। ਵੈਕਸੀਨ ਨੂੰ ਲੈ ਕੇ ਇਹ ਪਹਿਲਾ ਵਿਸ਼ਲੇਸ਼ਣ ਹੈ। ਐਫਡੀਏ ਨੇ ਇਹ ਵਿਸ਼ਲੇਸ਼ਣ ਅਜਿਹੇ ਸਮੇਂ ਪੋਸਟ ਕੀਤਾ ਹੈ, ਜਦ ਬਰਤਾਨੀਆ ਸਣੇ ਕਈ ਦੇਸ਼ਾਂ ਨੇ ਫਾਈਜ਼ਰ-ਬਾਇਓ ਐਨਟੈਕ ਦੀ ਵੈਕਸੀਨ ਲਾਉਣੀ ਸ਼ੁਰੂ ਕਰ ਦਿੱਤੀ ਹੈ।