ਡੀਸੀ ਘਨਸ਼ਿਆਮ ਥੋਰੀ ਬਣੇ ਸੁਰਜੀਤ ਹਾਕੀ ਸੁਸਾਇਟੀ ਦੇ 19ਵੇਂ ਪ੍ਰਧਾਨ

ਜਲੰਧਰ, (ਵਿਸ਼ਾਲ)-ਸੁਰਜੀਤ ਹਾਕੀ ਸੁਸਾਇਟੀ ਦੇ ਕਾਰਜਕਾਰੀ ਬੋਰਡ ਦੀ ਮੀਟਿੰਗ ਦੌਰਾਨ ਸੁਸਾਇਟੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ‘ਚ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੂੰ ਸੁਸਾਇਟੀ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਜੀਤ ਹਾਕੀ ਸੁਸਾਇਟੀ ਦੇ ਨਵੇਂ ਚੁਣੇ ਗਏ ਜਨਰਲ ਸਕੱਤਰਰ ਇਕਬਾਲ ਸਿੰਘ ਸੰਧੂ ਦੱਸਿਆ ਕਿ ਸੁਰਜੀਤ ਹਾਕੀ ਸਟੇਡੀਅਮ, ਬਰਲਟਨ ਪਾਰਕ ਵਿਖੇ ਹੋਈ ਇਸ ਮੀਟਿੰਗ ‘ਚ ਡੀਸੀ ਘਨਸ਼ਿਆਮ ਥੋਰੀ ਨੂੰ ਸੁਸਾਇਟੀ ਦਾ 19ਵਾਂ ਪ੍ਰਧਾਨ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਓਲੰਪੀਅਨ ਪਰਗਟ ਸਿੰਘ ਦੁਬਾਰਾ ਵਰਕਿੰਗ ਪ੍ਰਧਾਨ, ਸੰਦੀਪ ਗਰਗ, ਜਲੰਧਰ ਦੇ ਦਿਹਾਤੀ ਐੱਸਐੱਸਪੀ ਲਖਵਿੰਦਰ ਪਾਲ ਸਿੰਘ ਖਹਿਰਾ ਨੂੰ ਸਰਬਸੰਮਤੀ ਨਾਲ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੌਰਵ ਅਗਰਵਾਲ ਨੂੰ ਕਾਰਜਕਾਰੀ ਬੋਰਡ ਦੇ ਨਵੇਂ ਮੈਂਬਰ ਵਜੋਂ ਸਾਮਲ ਕੀਤਾ ਗਿਆ ਹੈ। ਬਰਲਟਨ ਪਾਰਕ ਵਿਖੇ ਸਮਾਰਟ ਸਿਟੀ ਪ੍ਰਰਾਜੈਕਟ ਅਧੀਨ ਤਿਆਰ ਹੋਣ ਵਾਲੇ ਪ੍ਰਸਤਾਵਿਤ ਨਵੇਂ ਐਸਟ੍ਰੋਟਰਫ ਹਾਕੀ ਮੈਦਾਨ ਦਾ ਰੱਖ ਰਖਾਵ ਦਾ ਸਾਰਾ ਖਰਚਾ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਕੀਤਾ ਜਾਵੇਗਾ ਅਤੇ ਇਸ ਨਵੇਂ ਐਸਟ੍ਰੋਟਰਫ ਹਾਕੀ ਮੈਦਾਨ ਵਿਚ ਹਾਕੀ ਇੰਡੀਆ ਦੀ ਮਾਨਤਾ ਸੁਰਜੀਤ ਹਾਕੀ ਅਕੈਡਮੀ ਆਪਣਾ ਨਿਯਮਤ ਕਾਰਜ ਆਰੰਭ ਕਰੇਗੀ । ਮੀਟਿੰਗ ਤੋਂ ਬਾਅਦ ਡੀਸੀ ਨੇ ਚੱਲ ਰਹੇ ਸੁਰਜੀਤ ਹਾਕੀ ਅਕੈਡਮੀ ਦੇ ਕੋਚਿੰਗ ਕੈਂਪ ਦੇ 125ਵੇਂ ਦਿਨ ਦੇ ਸੰਪੂਰਨ ਹੋਣ ਉਪਰ ਕੈਂਪ ਦਾ ਦੌਰਾ ਕੀਤਾ ਅਤੇ ਕਿਹਾ ਕਿ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਟੂਰਨਾਮੈਂਟ ਨੂੰ ਹਰ ਸਾਲ ਕਰਵਾਉਣ ਨਾਲ 14 ਤੋਂ 19 ਸਾਲ ਉਮਰ ਵਰਗ ਦੇ ਬੱਚਿਆਂ ਦੇ ਹਾਕੀ ਕੋਚਿੰਗ ਕੈਂਪ ਦੀ ਜੋ ਸ਼ੁਰੂਆਤ ਕੀਤੀ ਹੈ, ਇਹ ਭਵਿੱਖ ਵਿਚ ਪੰਜਾਬ ਅਤੇ ਇੰਡੀਆ ਦੀ ਹਾਕੀ ‘ਚ ਆਪਣਾ ਅਹਿਮ ਯੋਗਦਾਨ ਪਾਵੇਗੀ । ਉਨ੍ਹਾਂ ਇਸ ਮੌਕੇ ਸੁਰਜੀਤ ਹਾਕੀ ਦੇ ਖਿਡਾਰੀਆਂ ਦੀ ਭਲਾਈ ਲਈ ਜਲੰਧਰ ਸੀਐੱਸਆਰ ਫੰਡ ‘ਚੋਂ 1 ਲੱਖ ਰੁਪਏ ਦੀ ਦੇਣ ਦਾ ਐਲਾਨ ਵੀ ਕੀਤਾ। ਇਸ ਦੌਰਾਨ ਸਾਰੇ ਅਹੁਦੇਦਾਰਾਂ ਵੱਲੋਂ ਓਲੰਪੀਅਨ ਸੁਰਜੀਤ ਸਿੰਘ ਨੰ ਸ਼ਰਧਾਂਜਲੀ ਭੇਟ ਕੀਤੀ ਗਈ

Leave a Reply

Your email address will not be published. Required fields are marked *