ਜਲੰਧਰ, (ਵਿਸ਼ਾਲ /ਰੋਜਾਨਾ ਆਜਤਕ )-ਨਗਰ ਨਿਗਮ ਵਾਰਡਾਂ ਦੀ ਗਿਣਤੀ ਵੱਧਣ ਦੇ ਮੱਦੇਨਜ਼ਰ ਸਫਾਈ ਸੇਵਕਾਂ ਦੀ ਭਰਤੀ ਕਰੇ ਤਾਂ ਜੋ ਵਾਰਡਾਂ ਦੀ ਸਫਾਈ ਦਾ ਕੰਮ ਸਹੀ ਤਰੀਕੇ ਨਾਲ ਹੋ ਸਕੇ। ਉਕਤ ਮੰਗ ਰਾਸ਼ਟਰੀ ਸਫਾਈ ਕਰਮਚਾਰੀ ਸੰਗਠਨ ਜਲੰਧਰ ਵੱਲੋਂ ਸੰਗਠਨ ਦੇ ਪ੍ਰਧਾਨ ਅਸ਼ਵਨੀ ਕਲਿਆਣ ਦੀ ਅਗਵਾਈ ‘ਚ ਮੇਅਰ ਜਗਦੀਸ਼ ਰਾਜਾ ਤੇ ਵਿਧਾਇਕ ਰਾਜਿੰਦਰ ਬੇਰੀ ਨੂੰ ਦਿੱਤੇ ਗਏ ਮੰਗ ਪੱਤਰ ਵਿਚ ਕੀਤੀ ਗਈ ਹੈ। ਇਸ ਮੌਕੇ ਜਥੇਬੰਦੀ ਦੇ ਕੌਮੀ ਪ੍ਰਧਾਨ ਪਵਨ ਬਾਬਾ ਵੀ ਮੌਜੂਦ ਸਨ। ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ ਸ਼ਹਿਰ ‘ਚ ਟਿਊਬਵੈੱਲਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਸ ਕਾਰਨ ਸੀਵਰੇਜ ਦੀਆਂ ਸ਼ਕਾਇਤਾਂ ਵਿਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਇਸ ਲਈ ਸਫਾਈ ਸੇਵਕਾਂ ਦੀ ਭਰਤੀ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਇਸ ਤੋਂ ਇਲਾਵਾ ਡਿਪਲਾਇਡ ਇੰਸਪੈਕਟਰਾਂ ਤੇ ਕਲਰਕਾਂ ਤੋਂ ਚਾਰਜ ਵਾਪਸ ਲੈਣ ਦੀ ਮੰਗ ਕੀਤੀ ਗਈ। ਇਹ ਵੀ ਮੰਗ ਕੀਤੀ ਗਈ ਕਿ ਲੰਮਾ ਪਿੰਡ ਵਰਕਸ਼ਾਪ ਦੇ ਡਰਾਈਵਰਾਂ ਨੂੰ ਜ਼ੋਨ ਸਿਸਟਮ ਵਿਚ ਸ਼ਾਮਿਲ ਕੀਤਾ ਜਾਵੇ, ਕਰਮਚਾਰੀਆਂ ਦੀ ਤਨਖਾਹ ਆਨਲਾਈਨ ਸਿਸਟਮ ਰਾਹੀਂ ਖਾਤੇ ਵਿਚ ਜਮ੍ਹਾਂ ਕਰਾਈ ਜਾਏ, ਤਨਖਾਹ ਕਮਿਸ਼ਨ ਦੀਆਂ ਕਿਸ਼ਤਾਂ ਦਿੱਤੀਆਂ ਜਾਣ ਅਤੇ ਉਸ ਦੀਆਂ ਸਿਫਾਰਸ਼ਾਂ ਨੂੰ ਲਾਗੂ ਕੀਤਾ ਜਾਵੇ।