ਚੰਡੀਗੜ, : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅਰੁਨਾ ਚੌਧਰੀ ਨੇ ਸਪੱਸ਼ਟ ਕੀਤਾ ਕਿ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਤਹਿਤ ਸ਼ੁਰੂ ਹੋਏ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਵਿਭਾਗ ਵਿੱਚ ਵੱਖ-ਵੱਖ ਖਾਲੀ ਅਸਾਮੀਆਂ ਛੇਤੀ ਭਰੀਆਂ ਜਾਣਗੀਆਂ। ਵਿਭਾਗ ਵਿੱਚ ਰੁਜ਼ਗਾਰ ਮੁਹੱਈਆ ਕਰਵਾਉਣ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ ਰਾਜ ਅਧੀਨ ਸੇਵਾਵਾਂ ਚੋਣ ਬੋਰਡ ਰਾਹੀਂ ਸਾਲ 2019 ਅਤੇ 2020 ਵਿੱਚ ਕ੍ਰਮਵਾਰ 88 ਕਲਰਕਾਂ ਅਤੇ 78 ਸੁਪਰਵਾਈਜ਼ਰਾਂ ਦੀ ਭਰਤੀ ਕੀਤੀ ਹੈ। ਇਸੇ ਤਰਾਂ ਸਾਲ 2019 ਵਿੱਚ ਪੰਜਾਬ ਲੋਕ ਸੇਵਾ ਕਮਿਸ਼ਨ ਰਾਹੀਂ 2 ਜ਼ਿਲਾ ਸਮਾਜਿਕ ਸੁਰੱਖਿਆ ਅਧਿਕਾਰੀ (ਡੀ.ਐਸ.ਐਸ.ਓ), 1 ਸੁਪਰਡੰਟ ਹੋਮ ਅਤੇ 1 ਮੈਨੇਜਰ (ਬ੍ਰੇਲ ਪ੍ਰੈੱਸ) ਵਿੱਚ ਭਰਤੀ ਕੀਤੇ ਗਏ। 316 ਆਂਗਨਵਾੜੀ ਵਰਕਰਾਂ ਨੂੰ ਸੁਪਰਵਾਈਜ਼ਰ ਵਜੋਂ ਤਰੱਕੀ ਦਿੱਤੀ ਗਈ ਅਤੇ 20 ਕਲਰਕਾਂ ਨੂੰ ਸੀਨੀਅਰ ਸਹਾਇਕ ਬਣਾਇਆ ਗਿਆ। ਇਨਾਂ ਤੋਂ ਇਲਾਵਾ 4 ਡੀ.ਡੀ.ਐਸ.ਓ., 2 ਸੁਪਰਡੈਂਟ ਗਰੇਡ-1 ਅਤੇ 23 ਸੁਪਰਡੈਂਟ ਗਰੇਡ-2 ਨੂੰ ਆਪਣੇ ਹੇਠਲੇ ਕਾਡਰ ਤੋਂ ਤਰੱਕੀ ਦਿੱਤੀ ਗਈ ਸੀ।