ਕੈਨੇਡਾ ਦੀ ਇੱਕ ਔਰਤ ‘ਤੇ ਸ਼ੱਕ

ਵਾਸ਼ਿੰਗਟਨ, 20 ਸਤੰਬਰ 2020 : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਦਾ ਖੁਲਾਸਾ ਉਸ ਵੇਲੇ ਹੋਇਆ, ਜਦੋਂ ਉਨ•ਾਂ ਨੂੰ ਭੇਜੇ ਗਏ ਇੱਕ ਪੈਕਟ ਵਿੱਚ ਖ਼ਤਰਨਾਕ ਜ਼ਹਿਰ ਨਿਕਲਿਆ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਲਿਫ਼ਾਫ਼ੇ ਕੈਨੇਡਾ ਤੋਂ ਭੇਜੇ ਗਏ ਹਨ। ਅਮਰੀਕੀ ਜਾਂਚ ਏਜੰਸੀਆਂ ਮੁਤਾਬਕ ਹਾਲ ਦੇ ਦਿਨਾਂ ਵਿੱਚ ਵਾਈਟ ਹਾਊਸ ਅਤੇ ਕੁਝ ਵਿਭਾਗਾਂ ਨੂੰ ਰਿਸਿਨ ਨਾਮਕ ਖ਼ਤਰਨਾਕ ਕੈਮੀਕਲ ਵਾਲੇ ਲਿਫ਼ਾਫੇ ਭੇਜੇ ਗਏ। ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜਾਂਚ ਏਜੰਸੀਆਂ ਇਹ ਪਤਾ ਲਾਉਣ ਦਾ ਯਤਨ ਕਰ ਰਹੀਆਂ ਹਨ ਕਿ ਕੀ ਕੁਝ ਦੂਜੇ ਖ਼ਤਰਨਾਕ ਕੈਮੀਕਲ ਵਾਲੇ ਲਿਫ਼ਾਫ਼ੇ ਵੀ ਵਾਈਟ ਹਾਊਸ ਜਾਂ ਦੂਜੇ ਵਿਭਾਗਾਂ ਨੂੰ ਭੇਜੇ ਗਏ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਲੋਕਲ ਪੋਸਟਲ ਸਿਸਟਮ ਦੀ ਵਰਤੋਂ ਕੀਤੀ ਗਈ ਹੈ।
ਨਿਊਯਾਰਕ ਟਾਈਮਜ਼ ਦੇ ਮੁਤਾਬਕ ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਲਿਫ਼ਾਫ਼ੇ ਕੈਨੇਡਾ ਤੋਂ ਭੇਜੇ ਗਏ ਹਨ। ਕੈਨੇਡਾ ਦੀ ਇੱਕ ਔਰਤ ‘ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਹਾਲਾਂਕਿ ਉਸ ਦਾ ਨਾਮ ਜਨਤਕ ਨਹੀਂ ਕੀਤਾ ਗਿਆ ਹੈ। ਸਾਰੇ ਲਿਫ਼ਾਫ਼ੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂ ‘ਤੇ ਭੇਜੇ ਗਏ ਹਨ। ਇਨ•ਾਂ ਬਾਰੇ ਟੈਕਸਾਸ ਵਿੱਚ ਜਾਂਚ ਦੌਰਾਨ ਪਤਾ ਲੱਗਾ। ਦਰਅਸਲ, ਵਾਈਟ ਹਾਊਸ ਵਿੱਚ ਆਉਣ ਵਾਲੀ ਸਾਰੀ ਡਾਕ ਦੀ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ। ਛਾਂਟੀ ਮਗਰੋਂ ਹੀ ਇਨ•ਾਂ ਨੂੰ ਵਾਈਟ ਹਾਉਸ ਭੇਜਿਆ ਜਾਂਦਾ ਹੈ। ਜਾਂਚ ਦੌਰਾਨ ਕੁਝ ਲਿਫ਼ਾਫਿਆਂ ‘ਤੇ ਸ਼ੱਕ ਹੋਇਆ।
ਵਾਸ਼ਿੰਗਟਨ ਵਿੱਚ ਜਾਇੰਟ ਟੈਰੇਰਿਜ਼ਮ ਟਾਸਕ ਫੋਰਸ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਗਈ ਹੈ। ਇਸ ਵਿੱਚ ਨਿਊਯਾਰਕ ਪੁਲਿਸ ਦੀ ਸਪੈਸ਼ਲ ਯੂਨਿਟ ਇਸ ਜਾਂਚ ਏਜੰਸੀ ਦੀ ਮਦਦ ਕਰੇਗੀ। ਹੁਣ ਤੱਕ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਰਿਸਿਨ ਵਾਲੇ ਲਿਫ਼ਾਫ਼ੇ ਕਿਸੇ ਅੱਤਵਾਦੀ ਸੰਗਠਨ ਵੱਲੋਂ ਨਹੀਂ ਭੇਜੇ ਗਏ ਹਨ। ਹਾਲਾਂਕਿ ਜਾਂਚ ਦਾ ਇਹ ਸ਼ੁਰੂਆਤੀ ਦੌਰ ਹੈ, ਅਸਲ ਸੱਚਾਈ ਬਾਰੇ ਬਾਅਦ ‘ਚ ਪਤਾ ਲੱਗੇਗਾ।
ਇਸ ਸਬੰਧੀ ਬਿਆਨ ਜਾਰੀ ਕਰਦਿਆਂ ਐਫ਼ਬੀਆਈ ਨੇ ਕਿਹਾ ਹੈ ਕਿ ਉਹ ਯੂਐਸ ਸੀਕਰੇਟ ਸਰਵਿਸ ਅਤੇ ਯੂਐਸ ਪੋਸਟਲ ਇੰਸਪੈਕਸ਼ਨ ਸਰਵਿਸ ਦੀ ਮਦਦ ਨਾਲ ਜਾਂਚ ਕਰ ਰਹੇ ਹਨ। ਹੋਰਨਾਂ ਲੋਕਾਂ ਨੂੰ ਇਸ ਨਾਲ ਕੋਈ ਖ਼ਤਰਾ ਨਹੀਂ ਹੈ। ਜਾਂਚ ਏਜੰਸੀਆਂ ਨੂੰ ਕੁਝ ਸੁਰਾਗ਼ ਮਿਲ ਚੁੱਕੇ ਹਨ, ਪਰ ਇਨ•ਾਂ ਬਾਰੇ ਜਾਣਕਾਰੀ ਮੀਡੀਆ ਨੂੰ ਨਹੀਂ ਦਿੱਤੀ ਗਈ ਹੈ। ਦੱਸ ਦੇਈਏ ਕਿ 2018 ਵਿੱਚ ਰੱਖਿਆ ਮੰਤਰੀ ਜਿਮ ਮੈਟਿਸ ਨੂੰ ਇਸੇ ਤਰ•ਾਂ ਦੇ ਲਿਫ਼ਾਫ਼ੇ ਭੇਜੇ ਗਏ ਸਨ। ਇਸ ਮਾਮਲੇ ਵਿੱਚ ਨੇਵੀ ਦੇ ਸਾਬਕਾ ਅਧਿਕਾਰੀ ਸਿਲਡੇ ਐਲੀਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕੁਝ ਹੋਰ ਅਧਿਕਾਰੀਆਂ ਨੂੰ ਵੀ ਐਲੀਨ ਨੇ ਅਜਿਹੇ ਹੀ ਲਿਫ਼ਾਫ਼ੇ ਭੇਜੇ ਸਨ।

Leave a Reply

Your email address will not be published. Required fields are marked *