ਨਾਗਰਿਕਤਾ ਸੋਧ ਐਕਟ (CAA) ਅਤੇ ਨੈਸ਼ਨਲ ਸਿਟੀਜ਼ਨਸ਼ਿਪ ਰਜਿਸਟਰ (NRC) ਪ੍ਰੋਟੈਸਟ ਦਾ ਚਿਹਰੇ ਅਤੇ ਸ਼ਾਹੀਨ ਬਾਗ ਦੀ ਦਾਦੀ ਬਿਲਕੀਸ ਬਾਨੋ ਨੂੰ ਦਿੱਲੀ ਪੁਲਿਸ ਨੇ ਸਿੰਘੂ ਸਰਹੱਦ ‘ਤੇ ਗ੍ਰਿਫਤਾਰ ਕੀਤਾ ਹੈ। ਉਹ ਅੱਜ ਕਿਸਾਨ ਵਿਰੋਧ ਪ੍ਰਦਰਸ਼ਨ ਦੀ ਹਮਾਇਤ ਲਈ ਸਿੰਘੂ ਸਰਹੱਦ ‘ਤੇ ਪਹੁੰਚੀ ਸੀ। ਇਸ ਤੋਂ ਪਹਿਲਾਂ ਬਿਲਕੀਸ ਬਾਨੋ ਨੇ ਕਿਹਾ ਸੀ ਕਿ ਅਸੀਂ ਕਿਸਾਨਾਂ ਦੀਆਂ ਧੀਆਂ ਹਾਂ ਅਤੇ ਅਸੀਂ ਅੱਜ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕਰਾਂਗੇ। ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ, ਸਰਕਾਰ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਹੈ।
ਦੱਸ ਦਈਏ ਕਿ ਸੋਮਵਾਰ ਰਾਤ ਨੂੰ ਬਿਲਕੀਸ ਦਾਦੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਸੀ। ਵੀਡੀਓ ਵਿੱਚ ਦਾਦੀ ਕਿਸਾਨਾਂ ਦੇ ਇੱਕ ਪ੍ਰਦਰਸ਼ਨ ਸਥਾਨ ਉਤੇ ਦਿਖਾਈ ਦਿੱਤੀ। ਵੀਡੀਓ ਵਿਚ ਦਾਦੀ ਨਾਲ ਤੁਰਦੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਯੂਪੀ ਤੋਂ ਪਰਤਦਿਆਂ ਉਹ ਕਿਸਾਨਾਂ ਦਾ ਹਾਲਚਾਲ ਪੁੱਛਣ ਲਈ ਰੁਕੀ ਹੈ। ਦੱਸ ਦਈਏ ਕਿ ਬਿਲਕੀਸ ਦਾਦੀ ਸਿਟੀਜ਼ਨਸ਼ਿਪ ਸੋਧ ਐਕਟ ਦੇ ਵਿਰੋਧ ਦੌਰਾਨ ਸ਼ਾਹੀਨ ਬਾਗ ਵਿਚ ਲੱਗੇ ਮੋਰਚੇ ਦੌਰਾਨ ਮੁੱਖ ਚਿਹਰੇ ਵਜੋਂ ਸਾਹਮਣੇ ਆਈ ਸੀ।