ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਵਚਨਬੱਧਤਾ ਅਨੁਸਾਰ ਪੀੜਤ-ਕੇਂਦ੍ਰਿਤ ਪੁਲਿਸਿੰਗ ਅਤੇ ਔਰਤਾਂ ਲਈ ਸਹਾਇਤਾ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਕਦਮ ਚੁੱਕਦਿਆਂ ਪੰਜਾਬ ਪੁਲਿਸ ਨੇ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਘਰੇਲੂ ਹਿੰਸਾ ਦੇ ਪੀੜਤਾਂ ਲਈ ਇੱਕ ਸਮਰਪਿਤ ਸਹਾਇਤਾ ਕੇਂਦਰ, ‘ਸਾਂਝ ਰਾਹਤ ਕੇਂਦਰ’ ਸਥਾਪਤ ਕੀਤਾ ਹੈ।
ਅੱਜ ਇੱਥੇ ਕੇਂਦਰ ਦਾ ਉਦਘਾਟਨ ਕਰਦਿਆਂ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਮਹਿਲਾ ਮਾਮਲੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਇਹ ਕੇਂਦਰ ਸਰਗਰਮ ਭਾਈਚਾਰਕ ਭਾਈਵਾਲੀ ਰਾਹੀਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਔਰਤਾਂ ਨੂੰ ਸਮੇਂ ਸਿਰ ਮਾਨਸਿਕ-ਸਮਾਜਿਕ ਅਤੇ ਕਾਨੂੰਨੀ ਸਹਾਇਤਾ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਮੌਕੇ ਵਿਸ਼ੇਸ਼ ਡੀਜੀਪੀ ਦੇ ਨਾਲ ਪੁਲਿਸ ਕਮਿਸ਼ਨਰ (ਸੀਪੀ) ਜਲੰਧਰ ਧਨਪ੍ਰੀਤ ਕੌਰ ਵੀ ਮੌਜੂਦ ਸਨ।
ਇਹ ਕੇਂਦਰ ਕਮਿਸ਼ਨਰੇਟ ਪੁਲਿਸ, ਜਲੰਧਰ ਦੀ ਅਗਵਾਈ ਹੇਠ ਇੱਕ ਸਹਿਯੋਗੀ ਯਤਨ ਹੈ, ਜਿਸ ਨੂੰ ਪੀੜਤਾਂ ਲਈ ਆਸਾਨ ਪਹੁੰਚ ਅਤੇ ਗੁਪਤਤਾ ਨੂੰ ਯਕੀਨੀ ਬਣਾਉਣ ਲਈ ਹਸਪਤਾਲ ਵਿੱਚ ਸਥਾਪਿਤ ਕੀਤਾ ਗਿਆ ਹੈ। ਇਸਦਾ ਉਦੇਸ਼ ਜਲਦ ਤੋਂ ਜਲਦ ਮੁਸ਼ਕਲਾਂ ਦਾ ਪਤਾ ਲਗਾ ਕੇ ਤੁਰੰਤ ਸਲਾਹ, ਕਾਨੂੰਨੀ ਸੇਧ ਅਤੇ ਪੁਨਰਵਾਸ ਸਬੰਧਾਂ ਸਮੇਤ ਏਕੀਕ੍ਰਿਤ ਸਹਾਇਤਾ ਪ੍ਰਦਾਨ ਕਰਨਾ ਹੈ।