ਚੰਡੀਗੜ੍ਹ, 26 ਅਪਰੈਲ 2021
ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਹ ਕਰੋਨਾਵਾਇਰਸ ਕਰ ਕੇ ਲੌਕਡਾਊਨ ਲਾਗੂ ਕਰਨ ਦੇ ਖ਼ਿਲਾਫ਼ ਹਨ, ਪਰ ਉਨ੍ਹ੍ਵਾਂ ਪੇਸ਼ੀਨਗੋਈ ਕੀਤੀ ਕਿ ਸੂਬੇ ਦੇ ਹਾਲਾਤ ਹੋਰ ਖ਼ਰਾਬ ਹੋਣ ਦੇ ਆਸਾਰ ਹਨ। ਕੈਪਟਨ ਨੇ ਇਹ ਟਿੱਪਣੀ ਇਕ ਮੀਟਿੰਗ ਦੌਰਾਨ ਅਜਿਹੇ ਮੌਕੇ ਕੀਤੀ ਹੈ ਜਦੋਂ ਸੂਬੇ ਵਿੱਚ ਇਕੋ ਦਿਨ ’ਚ ਕੋਵਿਡ-19 ਦੇ ਨਵੇਂ ਕੇਸਾਂ ਦੀ ਗਿਣਤੀ 7000 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਪਿਛਲੇ ਸਾਲ ਮਾਰਚ ਵਿੱਚ ਕਰੋਨਾ ਮਹਾਮਾਰੀ ਫੈਲਣ ਮਗਰੋਂ ਇਕ ਦਿਨ ’ਚ ਆਇਆ ਇਹ ਸਿਖਰਲਾ ਅੰਕੜਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖਾਸ ਕਰ ਕੇ ਦੱਖਣੀ ਪੰਜਾਬ ਵਿੱਚ ਹਾਲਾਤ ਵਧੇਰੇ ਗੰਭੀਰ ਹੋਣ ਦਾ ਅਨੁਮਾਨ ਹੈ। ਇਕੱਲੇ ਲੁਧਿਆਣਾ ਵਿੱਚ ਐਤਵਾਰ ਨੂੰ 1300 ਤੋਂ ਵਧ ਕਰੋਨਾ ਲਾਗ ਦੇ ਨਵੇਂ ਕੇਸ ਸਾਹਮਣੇ ਆਏ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕੋਵਿਡ-19 ਕੇਸਾਂ ਦੀ ਵਧਦੀ ਗਿਣਤੀ ਦੇ ਟਾਕਰੇ ਲਈ ਸਖ਼ਤ ਉਪਾਅ ਕੀਤੇ ਗਏ ਹਨ, ਪਰ ਉਹ ਸੂਬੇ ਵਿੱਚ ‘ਲੌਕਡਾਊਨ’ ਦੀ ਤਜਵੀਜ਼ ਦੇ ਹੱਕ ਵਿੱਚ ਨਹੀਂ ਹਨ ਕਿਉਂਕਿ ਇਸ ਨਾਲ ਨਾ ਸਿਰਫ਼ ਆਰਥਿਕ ਮੁਸ਼ਕਲਾਂ ਬਲਕਿ ਪਰਵਾਸੀ ਕਾਮਿਆਂ ਦੀ ਆਪਣੇ ਪਿੱਤਰੀ ਸੂਬਿਆਂ ਨੂੰ ਹਿਜਰਤ ਵੀ ਵਧੇਗੀ। ਕੈਪਟਨ ਨੇ ਕਿਹਾ ਕਿ ਮੈਡੀਕਲ ਆਕਸੀਜਨ ਦੇ 105 ਟਨ ਕੋਟੇ ’ਚੋਂ ਸਿਰਫ਼ 85 ਟਨ ਹੀ ਸੂਬੇ ਨੂੰ ਮਿਲ ਰਹੀ ਹੈ ਜਦੋਂਕਿ ਬਾਕੀ ਪੀਜੀਆਈ ਚੰਡੀਗੜ੍ਹ ਭੇਜੀ ਜਾ ਰਹੀ ਹੈ।