ਘਰ ਤੇ ਦੁਕਾਨਾਂ ਚੋਂ ਮੋਬਾਇਲ ਚੋਰੀ ਕਰਨ ਵਾਲਾ ਕਾਬੂ, 4 ਮੋਬਾਈਲ ਬਰਾਮਦ

ਜਲੰਧਰ : ਥਾਣਾ ਨੰਬਰ ਪੰਜ ਦੀ ਪੁਲਿਸ ਨੇ ਇਕ ਅਜਿਹੇ ਨੌਜਵਾਨ ਨੂੰ ਕਾਬੂ ਕਰ ਕੇ ਚੋਰੀ ਦੇ ਮੋਬਾਈਲ ਬਰਾਮਦ ਕੀਤੇ ਹਨ ਜੋ ਕਿ ਘਰਾਂ ਤੇ ਦੁਕਾਨਾਂ ‘ਚੋਂ ਮੋਬਾਈਲ ਚੋਰੀ ਕਰਦਾ ਸੀ ਅਤੇ ਸਸਤੇ ਭਾਅ ਤੇ ਅੱਗੇ ਵੇਚ ਦਿੰਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਬ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲੀ ਜਨਵਰੀ ਨੂੰ ਅੰਮਿ੍ਤਪਾਲ ਸਿੰਘ ਵਾਸੀ ਰਾਜਪੂਤ ਨਗਰ ਮਾਡਲ ਹਾਉਸ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਘਰੋਂ ਕੋਈ ਨੌਜਵਾਨ ਅੋਪੋ ਕੰਪਨੀ ਦਾ ਮੋਬਾਈਲ ਅਤੇ 2400 ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਿਆ ਹੈ। ਜਿਸ ‘ਤੇ ਪੁਲਿਸ ਨੇ ਅਣਪਛਾਤੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸੁਰੂ ਕੀਤੀ। ਪੁਲਿਸ ਨੂੰ ਪੀੜਤ ਅੰਮਿ੍ਤਪਾਲ ਸਿੰਘ ਨੇ ਸੂਚਨਾ ਦਿੱਤੀ ਕਿ ਉਸ ਨੂੰ ਪਤਾ ਲੱਗਿਆ ਹੈ ਕਿ ਉਸ ਦੇ ਘਰ ਮਨਦੀਪ ਸਿੰਘ ਜੋ ਕਿ ਉਨ੍ਹਾਂ ਦੇ ਮੁਹੱਲੇ ਵਿਚ ਹੀ ਰਹਿੰਦਾ ਹੈ, ਨੇ ਚੋਰੀ ਕੀਤੀ ਹੈ। ਜਿਸ ‘ਤੇ ਏਐੱਸਆਈ ਰਾਜ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਜਦ ਮਨਦੀਪ ਸਿੰਘ ਦੇ ਘਰ ਛਾਪੇਮਾਰੀ ਕੀਤੀ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਨੂੰ ਉਨ੍ਹਾਂ ਨੇ ਬੇਦਖ਼ਲ ਕੀਤਾ ਹੋਇਆ ਹੈ ਅਤੇ ਉਹ ਉਨ੍ਹਾਂ ਦੇ ਘਰ ਨਹੀਂ ਰਹਿੰਦਾ। ਜਿਸ ‘ਤੇ ਪੁਲਿਸ ਪਾਰਟੀ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਅੱਜ ਏਐੱਸਆਈ ਰਾਜ ਕੁਮਾਰ ਨੂੰ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਸੀ ਕਿ ਮਨਦੀਪ ਸਿੰਘ ਜਿਸ ਕੋਲ ਚੋਰੀ ਦੇ ਹੋਰ ਵੀ ਮੋਬਾਈਲ ਹਨ, ਇਸ ਵੇਲੇ ਬਬਰੀਕ ਚੌਕ ਵਿਚ ਖੜ੍ਹਾ ਕਿਸੇ ਗਾਹਕ ਦੀ ਉਡੀਕ ਕਰ ਰਿਹਾ ਹੈ। ਜਿਸ ‘ਤੇ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਮਨਦੀਪ ਸਿੰਘ ਨੂੰ ਕਾਬੂ ਕਰ ਕੇ ਉਸ ਕੋਲੋਂ ਚੋਰੀ ਦੇ ਚਾਰ ਮੋਬਾਈਲ ਬਰਾਮਦ ਕਰ ਲਏ। ਮੁੱਢਲੀ ਪੁੱਛਗਿੱਛ ਵਿਚ ਮਨਦੀਪ ਸਿੰਘ ਨੇ ਦੱਸਿਆ ਕਿ ਇਕ ਮੋਬਾਈਲ ਉਸ ਨੇ ਰਾਜਪੂਤ ਨਗਰ ‘ਚੋਂ ਚੋਰੀ ਕੀਤਾ ਹੈ ਅਤੇ ਤਿੰਨ ਮੋਬਾਈਲ ਉਸ ਨੇ ਆਪਣੇ ਜਾਣ ਪਛਾਣ ਦੇ ਦੁਕਾਨਦਾਰਾਂ ਕੋਲ ਆਪਣਾ ਫੋਨ ਚਾਰਜਿੰਗ ਤੇ ਲਗਾਉਣ ਦਾ ਝਾਂਸਾ ਦੇ ਕੇ ਉਥੇ ਪਏ ਲੋਕਾਂ ਦੇ ਮੋਬਾਈਲ ਚੋਰੀ ਕੀਤੇ ਹਨ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ।

Leave a Reply

Your email address will not be published. Required fields are marked *