ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਰਦਾਰ ਸੁਖਬੀਰ ਸਿੰਘ ਬਾਦਲ ਨੇ sਅੱਜ ਭਾਰਤ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਦਖਲ ਦੇ ਕੇ ਸੰਸਦ ਦਾ ਸਰਦ ਰੁੱਤ ਇਜਲਾਸ ਸਦਵਾਉਣ। ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਇਕ ਮੈਂਬਰ ਵਜੋਂ ਸੰਸਦ ਵਿਚ ਤਿੰਨ ਵਿਵਾਦਗ੍ਰਸਤ ਖੇਤੀ ਬਿੱਲਾਂ ਖਿਲਾਫ ਵੋਟ ਪਾਈ ਸੀ, ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਆਖਿਆ ਕਿ ਕੋਰੋਨਾ ਦਾ ਬਹਾਨਾ ਬਣਾ ਕੇ ਸੰਸਦ ਦਾ ਸਰਦ ਰੁੱਤ ਇਜਲਾਸ ਰੱਦ ਕਰਨ ਨੂੰ ਸਹੀ ਠਹਿਰਾਇਆਜਾ ਰਿਹਾ ਹੈ। ਉਹਨਾਂ ਕਿਹਾ ਕਿ ਤੁਸੀਂ ਲੋਕਾਂ ਨੂੰ ਇਹ ਕਿਵੇਂ ਸਮਝਾਓਗੇ ਕਿ ਸੰਸਦ ਕੋਰੋਨਾ ਮਹਾਂਮਾਰੀ ਦੇ ਦੌਰਾਨ ਤਿੰਨ ਵਿਵਾਦਗ੍ਰਸਤ ਬਿੱਲ ਪਾਸ ਕਰਨ ਲਈ ਸੰਸਦ ਦਾ ਸੈਸ਼ਨ ਸੱਦਣਾ ਵਾਜਬ ਸੀ ਜਦੋਂ ਦੇਸ਼ ਵਿਚ ਲਾਕ ਡਾਊਨ ਸੀ। ਹੁਣ ਜਦੋਂ ਸਰਕਾਰ ਨੇ ਖੁਦ ਮੰਨਿਆ ਹੈ ਕਿ ਮਹਾਮਾਰੀ ਦਾ ਪ੍ਰਭਾਵ ਘੱਟ ਗਿਆ ਹੈ ਜਿਸ ਕਾਰਨ ਲਾਕ ਡਾਊਨ ਦੀ ਜ਼ਰੂਰਤ ਨਹੀਂ ਹੈ ਤਾਂ ਫਿਰ ਸਰਦ ਰੁੱਤ ਇਜਲਾਸ ਰੱਦ ਕਰਨਾ ਕਿਵੇਂ ਵਾਜਬ ਹੋਇਆ ? ਜੋ ਉਸ ਵੇਲੇ ਸਹੀ ਸੀ, ਉਹ ਹੁਣ ਗਲਤ ਨਹੀਂ ਹੋ ਸਕਦਾ।