ਮਲੋਟ, 30 ਨਵੰਬਰ, ਹ.ਬ. : ਸਥਾਨਕ ਸ਼ਹਿਰ ਦੀ ਗੁਰੂ ਨਾਨਕ ਨਗਰੀ ਦੀ ਇੱਕ ਵਿਆਹੁਤਾ ਔਰਤ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ 18 ਸਾਲਾ ਧੀ ਅਤੇ 15 ਸਾਲਾ ਬੇਟੇ ਦੀ ਮਾਂ ਸੀ।
ਨੌਜਵਾਨ ਦਾ ਐਤਵਾਰ ਨੂੰ ਵਿਆਹ ਸੀ ਜਿਸ ਨੇ ਔਰਤ ਦੇ ਨਾਲ ਜਿਊਣ ਮਰਨ ਦੀ ਸਹੁੰ ਖਾਧੀ ਸੀ, ਪ੍ਰੰਤੂ ਨੌਜਵਾਨ ਦੇ ਵਿਆਹ ਨੂੰ ਲੈ ਕੇ ਔਰਤ ਪ੍ਰੇਸ਼ਾਨ ਸੀ, ਜਿਸ ਦੇ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।
ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਪ੍ਰੇਮੀ ਦੇ ਖ਼ਿਲਾਫ਼ ਧਾਰਾ 306 ਤਹਿਤ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਹਪਸਤਾਲ ਭੇਜ ਦਿੱਤੀ। ਵਾਰਡ ਨੰਬਰ 23 ਦੀ ਗੁਰੂ ਨਾਨਕ ਨਗਰੀ ਨਿਵਾਸੀ 36 ਸਾਲਾ ਔਰਤ ਸੁਮਨ ਪਤਨੀ ਰਾਜ ਕੁਮਾਰ ਸੋਨੀ ਦੀ ਖੁਦਕੁਸ਼ੀ ਦੇ ਮਾਮਲੇ ਵਿਚ ਬੇਟੀ ਨੈਂਸੀ ਨੇ ਪੁਲਿਸ ਕੋਲ ਦਰਜ ਕਰਾਏ ਬਿਆਨਾਂ ਵਿਚ ਇਲਜ਼ਾਮ ਲਾਇਆ ਕਿ ਉਸ ਦੇ ਪਿਤਾ ਦੇ ਦੋਸਤ ਦਵਿੰਦਰ ਸਿੰਘ ਉਰਫ ਲਵਲੀ ਪੁੱਤਰ ਹਰਦੀਪ ਸਿੰਘ ਵਾਸੀ ਗੁਰੂ ਨਾਨਕ ਨਗਰੀ ਮਲੋਟ ਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਸੀ, ਉਸ ਦਾ ਪਿਤਾ ਜਦੋਂ ਕੰਮ ‘ਤੇ ਚਲੇ ਜਾਂਦੇ ਸੀ ਤਾਂ ਪਿੱਛੇ ਤੋਂ ਦਵਿੰਦਰ ਸਿੰਘ ਲਵਲੀ ਉਨ੍ਹਾਂ ਦੇ ਘਰ ਆ ਜਾਂਦਾ ਸੀ। ਇਹ ਸਿਲਸਿਲਾ ਪਿਛਲੇ ਤਿੰਨ ਸਾਲ ਤੋਂ ਚਲ ਰਿਹਾ ਸੀ। ਦੋਵਾਂ ਦੇ ਵਿਚਕਾਰ ਸਬੰਧ ਬਣ ਗਏ ਸੀ, ਜਿਸ ਤੋਂ ਉਹ ਅਪਣੀ ਮਾਂ ਨੂੰ ਅਕਸਰ ਹੀ ਰੋਕਦੀ ਸੀ ਪ੍ਰੰਤੂ ਉਸ ਨੂੰ ਡਰਾ ਕੇ ਚੁੱਪ ਕਰਵਾ ਦਿੱਤਾ ਜਾਂਦਾ ਸੀ।
ਜਿਸ ਦੇ ਕਾਰਨ ਦਵਿੰਦਰ ਸਿੰਘ ਲਵਲੀ ਦਾ ਆਉਣਾ ਜਾਣਾ ਲਗਾਤਾਰ ਜਾਰੀ ਰਿਹਾ ਕੁਝ ਦਿਨ ਪਹਿਲਾਂ ਦਵਿੰਦਰ ਦੇ ਘਰ ਵਾਲਿਆਂ ਨੇ ਉਸ ਦਾ ਵਿਆਹ ਕਰਨ ਦੀ ਗੱਲ ਉਸ ਦੀ ਮਾਂ ਸੁਮਨ ਨੂੰ ਪਤਾ ਚਲੀ ਤਾਂ ਸੁਮਨ ਨੇ ਦਵਿੰਦਰ ਨੂੰ ਵਿਆਹ ਕਰਾਉਣ ਤੋਂ ਮਨ੍ਹਾ ਕੀਤਾ ਤਾਂ ਦਵਿੰਦਰ ਨੇ ਵਿਆਹ ਨਾ ਕਰਾਉਣ ਦਾ ਵਾਅਦਾ ਕੀਤਾ ਸੀ। ਉਸ ਦੀ ਮਾਂ ਨੇ ਜ਼ਹਿਰੀਲੀ ਦਵਾਈ ਪੀ ਲਈ ਅਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਉਕਤ ਬਿਆਨਾਂ ਦੇ ਆਧਾਰ ‘ਤੇ ਦਵਿੰਦਰ ਸਿੰਘ ਉਰਫ ਲਵਲੀ ਪੁੱਤਰ ਗੁਰਦੀਪ ਸਿੰਘ ਵਾਸੀ ਮਲੋਟ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਾਮੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।