ਜਲੰਧਰ, (ਵਿਸ਼ਾਲ)-ਪਿਛਲੇ ਕੁਝ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਤੋਂ ਦੁਖੀ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮ ਅੱਜ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਦੋ ਘੰਟੇ ਤਕ ਟੈਂਕੀ ’ਤੇ ਚੜ੍ਹ ਕੇ ਪ੍ਰਸ਼ਾਸਨ ਤੇ ਵਿਭਾਗ ਦੇ ਐੱਸਡੀਓ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਸੂਚਨਾ ਮਿਲਦਿਆਂ ਹੀ ਥਾਣਾ ਬਾਰਾਂਦਰੀ ਦੇ ਥਾਣਾ ਮੁਖੀ ਰਵਿੰਦਰ ਕੁਮਾਰ ਪੁਲਿਸ ਪਾਰਟੀ ਸਮੇਤ ਤੁਰੰਤ ਉਥੇ ਪੁੱਜੇ ਅਤੇ ਐੱਸਡੀਓ ਕੋਲੋਂ ਤਨਖਾਹਾਂ ਬਾਰੇ ਚਿੱਠੀ ਜਾਰੀ ਕਰਵਾ ਕੇ ਮੁਲਾਜ਼ਮਾਂ ਹਵਾਲੇ ਕੀਤੀ ਤਾਂ ਜਾ ਕੇ ਉਹ ਟੈਂਕੀ ਤੋਂ ਉਤਰੇ। ਦੱਸਣਯੋਗ ਹੈ ਕਿ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਬਾਰਾਂਦਰੀ ਸਥਿਤ ਡਵੀਜ਼ਨਲ ਦਫਤਰ ਵਿਚ ਮੁਲਾਜ਼ਮਾਂ ਨੇ ਤਨਖਾਹਾਂ ਨਾ ਮਿਲਣ ਕਾਰਨ ਧਰਨਾ ਲਾਇਆ ਹੋਇਆ ਸੀ ਅਤੇ ਐੱਸਡੀਓ ਬਲਦੇਵ ਰਾਜ ਦਾ ਦਫਤਰ ਵੀ ਘੇਰ ਲਿਆ। ਇਸ ਦੌਰਾਨ ਐੱਸਡੀਓ ਉਥੋਂ ਖਿਸਕ ਗਿਆ ਅਤੇ ਮੁਲਾਜ਼ਮ ਨਾਅਰੇਬਾਜ਼ੀ ਕਰਦੇ ਹੋਏ ਕਾਲੇ ਝੰਡੇ ਲੈ ਕੇ ਨੰਗੇ ਧੜ ਰੋਸ ਵਜੋਂ ਦਫਤਰ ’ਚ ਸਥਿਤੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਐੱਸਡੀਓ ਬਲਦੇਵ ਰਾਜ ਜਾਣ-ਬੁੱਝ ਕੇ ਉਨ੍ਹਾਂ ਦੀ ਤਨਖਾਹ ਜਾਰੀ ਨਹੀਂ ਕਰ ਰਿਹਾ ਸੀ ਅਤੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਇਸ ਕਰਕੇ ਅੱਜ ਉਨ੍ਹਾਂ ਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ। ਥਾਣਾ ਮੁਖੀ ਰਵਿੰਦਰ ਕੁਮਾਰ ਪੁਲਿਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਐੱਸਡੀਓ ਬਲਦੇਵ ਰਾਜ ਨਾਲ ਗੱਲ ਕਰਦੇ ਉਸ ਦੇ ਘਰੋਂ ਤਨਖਾਹ ਜਾਰੀ ਕਰਕ ਬਾਰੇ ਚਿੱਠੀ ਤਿਆਰ ਕਰਵਾ ਕੇ ਮੁਲਾਜ਼ਮਾਂ ਨੂੰ ਦਿੱਤੀ ਗਈ। ਐੱਸਡੀਓ ਨੇ ਲਿਖਤੀ ਭਰੋਸਾ ਦਿੱਤਾ ਕਿ ਭਲਕੇ ਬਿੱਲ ਬਣਾ ਕੇ ਤਨਖਾਹ ਤਿਆਰ ਕਰਵਾ ਕੇ ਖਾਤਿਆਂ ਵਿਚ ਪਾ ਦਿੱਤੀ ਜਾਵੇਗੀ।