ਜਲੰਧਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਹੇਠ ਜ਼ਿਲ੍ਹੇ ਵਿਚੋਂ ਗ੍ਰਿਫਤਾਰੀਆਂ ਦੇਣ ਲਈ ਪੁੱਜੇ ਵੱਡੀ ਗਿਣਤੀ ਕਿਸਾਨਾਂ ਨੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ਹੇਠ ਡੀਸੀ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨਾਂ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਦਿਆਂ ਵਾਪਸ ਲੈਣ ਦੀ ਮੰਗ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਇਸ ਦੌਰਾਨ ਖੇਤੀ ਆਰਡੀਨੈਂਸਾਂ ਦਾ ਵਿਰੋਧ ਕੀਤਾ ਅਤੇ ਮੰਗ ਕੀਤੀ ਕਿ ਕੋਰੋਨਾ ਮਹਾਮਾਰੀ ਦੀ ਆੜ ਵਿਚ ਲਿਆਂਦੇ ਗਏ ਇਹ ਕਿਸਾਨ ਮਾਰੂ ਆਰਡੀਨੈਂਸ ਵਾਪਸ ਲਏ ਜਾਣ ਜਾਂ ਫਿਰ ਉਨ੍ਹਾਂ ਨੂੰ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਜਾਵੇ। ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਇਸ ਰੋਸ ਪ੍ਰਦਰਸ਼ਨ ਨੂੰ ਜਰਨੈਲ ਸਿੰਘ ਰਾਮੇ, ਸਵਰਨ ਸਿੰਘ ਸਾਦਿਕਪੁਰ, ਜਗਤਾਰ ਸਿੰਘ ਚੱਕ ਵਡਾਲਾ, ਮੋਹਣ ਸਿੰਘ ਜਲਾਲਪੁਰ, ਗੁਰਦੇਵ ਸਿੰਘ ਤਲਵੰਡੀ ਸੰਘੇੜਾ, ਰਣਜੋਧ ਸਿੰਘ ਜਾਣੀਆਂ, ਹਰਪ੍ਰੀਤ ਸਿੰਘ ਕੋਟਲੀ ਗਾਜਰਾਂ, ਤਰਲੋਕ ਸਿੰਘ ਗੜ੍ਹੀ ਪੀਰ ਬਖਸ਼, ਗੁਰਮੇਲ ਸਿੰਘ ਰੇੜਵਾਂ, ਵੱਸਣ ਸਿੰਘ ਕੋਠਾ, ਅਮਰਜੀਤ ਸਿੰਘ ਪੂਨੀਆ, ਸੁਰਜੀਤ ਸਿੰਘ ਕੰਗ ਖੁਰਦ, ਮੇਜਰ ਸਿੰਘ ਜੱਫਰਵਾਲ, ਜੋਗਿੰਦਰ ਸਿੰਘ ਮੰਡਾਲਾ ਛੰਨਾ, ਕਿਸ਼ਨ ਦੇਵ ਮਿਆਣੀ ਅਤੇ ਮੇਜਰ ਸਿੰਘ ਪੱਡਾ ਨੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਹੋਰ ਵੀ ਕਿਸਾਨ ਤੇ ਮਜ਼ਦੂਰ ਰੋਸ ਪ੍ਰਦਰਸ਼ਨ ‘ਚ ਸ਼ਾਮਲ ਸਨ।