ਜਲੰਧਰ, ‘ਕਿਸਾਨ ਦਾ ਕੀ ਏ…ਕਿਸਾਨ ਅੰਦੋਲਨ ਕਰ ਕੇ ਚੁੱਪ ਕਰ ਜੂ, ਬੇਤੁਕੀਆਂ, ਬੇਕਾਰ ਤੇ ਝੂਠੀਆਂ ਖਬਰਾਂ ਤੂ ਰੋਜ਼ ਦਿਖਾਈ ਜਾ।’ ਕਿਸਾਨਾਂ ਦੀਆਂ ਵੱਧਦੀਆਂ ਖ਼ੁਦਕੁਸ਼ੀਆਂ ਤੇ ਧਰਨੇ-ਮੁਜ਼ਾਹਰਿਆਂ ਨੂੰ ਮਜਬੂਰ ਹੋਣ ਤੋਂ ਦੁਖੀ ਹੋ ਕੇ ਪੰਜਾਬੀ ਗਾਇਕ ਜਸਬੀਰ ਜੱਸੀ ਹੁਣ ਉਨ੍ਹਾਂ ਦੀ ਆਵਾਜ਼ ਬਣ ਗਏ ਹਨ। ਉਨ੍ਹਾਂ ਨੇ ਆਪਣੇ ਨਵੇਂ ਗੀਤ ਨਾਲ ਕਿਸਾਨਾਂ ਦੀ ਦੁਰਦਸ਼ਾ ਦੇ ਕਾਰਨ ਬਿਆਨ ਕੀਤੇ ਖੇਤਾਂ ‘ਚ ਇਕ ਮੰਜੇ ‘ਤੇ ਬੈਠੇ ਜਸਬੀਰ ਜੱਸੀ ਦੇ ਗੀਤ ਦੀ ਇਸ ਵੀਡੀਓ ‘ਚ ਇਕ ਕਿਸਾਨ ਦੀ ਤਰ੍ਹਾਂ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਹਰੇਕ ਬੋਲ ‘ਚ ਕਿਸਾਨ ਤੇ ਮਜ਼ਦੂਰ ਦਾ ਦਰਦ ਹੈ, ਜਿਸ ਨੂੰ ਉਹ ਹਰ ਰੋਜ਼ ਝੱਲ ਰਹੇ ਹਨ। 3.49 ਸੈਕਿੰਡ ਦੀ ਇਹ ਵੀਡੀਓ ਫੇਸਬੁੱਕ ‘ਤੇ ਅਪਲੋਡ ਹੁੰਦਿਆਂ ਹੀ ਵਾਇਰਲ ਹੋਣ ਲੱਗੀ ਹੈ। ਕੁਝ ਹੀ ਘੰਟਿਆਂ ‘ਚ ਦਸ ਹਜ਼ਾਰ ਲੋਕਾਂ ਨੇ ਇਸ ਨੂੰ ਵੇਖਿਆ। ‘ ਜੱਸੀ ਨੇ ਇਸ ਨਵੇਂ ਗਾਣੇ ਜ਼ਰੀਏ ਦੱਸਿਆ ਕਿ ਰੋਜ਼ ਮਜ਼ਦੂਰ ਤੇ ਕਿਸਾਨ ਮਰ ਰਹੇ ਹਨ ਪਰ ਕਿਸੇ ਕੋਲ ਉਨ੍ਹਾਂ ਵੱਲ ਧਿਆਨ ਦੇਣ ਦਾ ਸਮਾਂ ਨਹੀਂ। ਉਨ੍ਹਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਚੁੱਪ ਰਹਿਣ। ਪਹਿਲਾਂ ਹੀ ਉਨ੍ਹਾਂ ਦੇ ਦੁਸ਼ਮਣ ਬਹੁਤ ਹਨ, ਉਨ੍ਹਾਂ ਨੂੰ ਚੁੱਪ ਕਰਵਾਉਣ ਨਾ ਸਰਕਾਰ ਆਏਗੀ ਤੇ ਨਾ ਹਾਲ ਪੁੱਛਣ ਮੀਡੀਆ। ਉਨ੍ਹਾਂ ਨੇ ਕਿਸਾਨਾਂ ਦਾ ਹਾਲ ਬੇਹਾਲ ਹੋਣ ਦੇ ਬਾਵਜੂਦ ਸਾਰਿਆਂ ਦੀ ਚੁੱਪੀ ‘ਤੇ ਸਵਾਲ ਉਠਾਏ ਹਨ।