ਜਲੰਧਰ,(ਸੰਜੇ ਸ਼ਰਮਾ)-ਅੰਤਰਰਾਸ਼ਟਰੀ ਖਿਡਾਰੀ ਤਲਵਿੰਦਰ ਸਿੰਘ ਦੀ ਹੈਟ੍ਰਿਕ ਅਤੇ ਅੰਤਰਰਾਸ਼ਟਰੀ ਖਿਡਾਰੀ ਗੁਰਜਿੰਦਰ ਸਿੰਘ ਦੇ ਦੋ ਗੋਲਾਂ ਦੀ ਬਦੋਲਤ ਇੰਡੀਅਨ ਆਇਲ ਮੁੰਬਈ ਨੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੂੰ 5-0 ਦੇ ਫਰਕ ਨਾਲ ਹਰਾ ਕੇ 12ਵੀਂ ਵਾਰ 39ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਇਨਲ ਵਿਚ ਪ੍ਰਵੇਸ਼ ਕਰ ਲਿਆ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਟੂਰਨਾਮੈਂਟ ਦੇ ਅੱਠਵੇਂ ਦਿਨ ਸੈਮੀਫਾਇਨਲ ਮੁਕਾਬਲੇ ਖੇਡੇ ਗਏ। ਦੂਜੇ ਸੈਮੀਫਾਇਨਲ ਵਿੱਚ ਭਾਰਤੀ ਰੇਲਵੇ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ 2-1 ਦੇ ਫਰਕ ਨਾਲ ਹਰਾ ਕੇ ਫਾਇਨਲ ਵਿਚ ਸਥਾਨ ਬਣਾਇਆ। ਫਾਇਨਲ ਮੈਚ ਇੰਡੀਅਨ ਆਇਲ ਮੁੰਬਈ ਅਤੇ ਭਾਰਤੀ ਰੇਲਵੇ ਦੇ ਦਰਮਿਆਨ 4 ਨਵੰਬਰ ਨੂੰ ਸ਼ਾਮ 6-30 ਵਜੇ ਖੇਡਿਆ ਜਾਵੇਗਾ। ਫਾਇਨਲ ਮੈਚ ਤੋਂ ਪਹਿਲਾਂ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਜਦਕਿ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਕਰਨਗੇ। ਜੇਤੂ ਟੀਮ ਨੂੰ 5 ਲੱਖ ਰੁਪਏ ਨਕਦ ਅਤੇ ਉਪ ਜੇਤੂ ਨੂੰ 2.50 ਲੱਖ ਰੁਪਏ ਨਕਦ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਪਹਿਲੇ ਸੈਮੀਫਾਇਨਲ ਵਿੱਚ ਸਾਬਕਾ ਜੇਤੂ ਇੰਡੀਅਨ ਆਇਲ ਮੁੰਬਈ ਅਤੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਇੰਡੀਅਨ ਆਇਲ ਮੁੰਬਈ ਦੇ ਅੰਤਰਰਾਸ਼ਟਰੀ ਖਿਡਾਰੀ ਗੁਰਜਿੰਦਰ ਸਿੰਘ ਨੇ ਖੇਡ ਦੇ 13ਵੇਂ ਮਿੰਟ ਵਿੱਚ ਦੂਜੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 1-0 ਕੀਤਾ। ਇਸ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਨੇ ਲਗਾਤਾਰ ਦੋ ਪੈਨਲਟੀ ਕਾਰਨਰ ਗਵਾਏ। ਅੱਧੇ ਸਮੇਂ ਤੱਕ ਇੰਡੀਅਨ ਆਇਲ ਮੁੰਬਈ 1-0 ਨਾਲ ਅੱਗੇ ਸੀ। ਅੱਧੇ ਸਮੇਂ ਤੋਂ ਬਾਅਦ 35ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਗੁਰਜਿੰਦਰ ਸਿੰਘ ਨੇ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-0 ਕੀਤਾ। ਖੇਡ ਦੇ 50ਵੇਂ ਮਿੰਟ ਵਿਚ ਇੰਡੀਅਨ ਆਇਲ ਦੇ ਤਲਵਿੰਦਰ ਸਿੰਘ ਨੇ ਉਲੰਪੀਅਨ ਸਿਮਰਨਜੀਤ ਸਿੰਘ ਦੇ ਪਾਸ ਤੇ ਗੋਲ ਕਰਕੇ ਸਕੋਰ 3-0 ਕੀਤਾ। ਖੇਡ ਦੇ 55ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਤਲਵਿੰਦਰ ਸਿੰਘ ਨੇ ਇਕ ਹੋਰ ਗੋਲ ਕਰਕੇ ਸਕੋਰ 4-0 ਕੀਤਾ। ਖੇਡ ਦੇ 57ਵੇਂ ਮਿੰਟ ਵਿੱਚ ਤਲਵਿੰਦਰ ਸਿੰਘ ਨੇ ਇਕ ਹੋਰ ਗੋਲ ਕਰਕੇ ਸਕੋਰ 5-0 ਕਰਦੇ ਹੋਏ ਆਪਣੀ ਹੈਟ੍ਰਿਕ ਪੂਰੀ ਕੀਤੀ।