ਕੋਵਿਡ-19 ਦੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਮੁਹੱਈਆ ਕਰਵਾਏ ਗਏ 85 ਆਕਸੀਜਨ ਕੰਸਨਟਰੇਟਰ : ਡਿਪਟੀ ਕਮਿਸ਼ਨਰ

ਜਲੰਧਰ, ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਵੱਲੋਂ ਘਰ ਵਿੱਚ ਮੈਡੀਕਲ ਆਕਸੀਜਨ ਦੀ ਮੰਗ ਨੂੰ ਪੂਰਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਹੁਣ ਤੱਕ ਅਜਿਹੇ ਮਰੀਜ਼ਾਂ ਨੂੰ 85 ਆਕਸੀਜਨ ਕੰਸਨਟਰੇਟਰ ਮੁਹੱਈਆ ਕਰਵਾਏ ਜਾ ਚੁੱਕੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਵਿਡ-19 ਦੇ ਕੇਸਾਂ ਵਿੱਚ ਵਾਧਾ ਹੋਣ ਕਰਕੇ ਇਸ ਮਹਾਂਮਾਰੀ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਮੈਡੀਕਲ ਆਕਸੀਜਨ ਦੀ ਸੁਵਿਧਾ ਮੁਹੱਈਆ ਕਰਵਾਉਣ ਲਈ ਅਤੇ ਆਮ ਜਨਤਾ ਦੇ ਹਿੱਤ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ, ਜਲੰਧਰ ਵੱਲੋਂ ਸਾਂਝਾ ਉਪਰਾਲਾ ਕਰਦਿਆਂ ਰੈੱਡ ਕਰਾਸ ਭਵਨ ਜਲੰਧਰ ਵਿਖੇ ਆਕਸੀਜਨ ਕੰਸਨਟਰੇਟਰ ਬੈਂਕ ਸਥਾਪਿਤ ਕੀਤਾ ਗਿਆ ਹੈ, ਜਿਸ ਵਿੱਚੋਂ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼, ਜਿਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲਣ ਤੋਂ ਬਾਅਦ ਵੀ ਘਰ ਜਾ ਕੇ ਮੈਡੀਕਲ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ, ਨੂੰ ਆਕਸੀਜਨ ਕੰਸਨਟਰੇਟਰ ਮਸ਼ੀਨ ਨਾ ਮਾਤਰ 5000 ਹਜ਼ਾਰ ਰੁਪਏ ਵਾਪਸੀਯੋਗ ਸਕਿਊਰਿਟੀ ਫੀਸ ਅਤੇ 200/- ਰੁਪਏ ਪ੍ਰਤੀ ਦਿਨ ਕਿਰਾਏ ‘ਤੇ ਮੁਹੱਈਆ ਕਰਵਾਈ ਜਾਂਦੀ ਹੈ । ਉਨ੍ਹਾਂ ਅੱਗੇ ਦੱਸਿਆ ਕਿ ਆਕਸੀਜਨ ਕੰਸਨਟਰੇਟਰ ਬੈਂਕ ਵਿੱਚੋਂ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਮਿਤੀ 28 ਮਈ 2021 ਤੱਕ 85 ਆਕਸੀਜਨ ਕੰਸਨਟਰੇਟਰ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਕਿਸੇ ਵੀ ਮਰੀਜ਼ ਨੂੰ ਹੁਣ ਤੱਕ ਕੋਈ ਮੁਸ਼ਕਿਲ ਨਹੀਂ ਆਈ ਹੈ। ਸ਼੍ਰੀ ਥੋਰੀ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਜਲੰਧਰ ਵਿਖੇ ਨੇੜਲੇ ਜ਼ਿਲ੍ਹਿਆਂ ਤੋਂ ਦਾਖਲ ਕੋਵਿਡ ਦੇ ਮਰੀਜ਼ਾਂ ਨੂੰ ਆਕਸੀਜਨ ਸਹਾਇਤਾ ਮੁਹੱਈਆ ਕਰਵਾਉਣ ਲਈ ਆਕਸੀਜਨ ਬੈਂਕ ਦੇ ਦਾਅਰੇ ਨੂੰ ਵੀ ਵਧਾਇਆ ਗਿਆ ਹੈ, ਜਿਸ ਤਹਿਤ ਜਲੰਧਰ ਨੇੜਲੇ ਜ਼ਿਲ੍ਹਿਆਂ ਜਿਵੇਂ ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਕਪੂਰਥਲਾ ਦੇ ਕੋਵਿਡ ਮਰੀਜ਼ਾਂ, ਜੋ ਕਿ ਜਲੰਧਰ ਵਿਖੇ ਦਾਖਲ ਹਨ ਅਤੇ ਹਸਪਤਾਲ ਤੋਂ ਛੁੱਟੀ ਸਮੇਂ ਜਿਨ੍ਹਾਂ ਪਾਸ ਆਕਸੀਜਨ ਦੀ ਜ਼ਰੂਰਤ ਸਬੰਧੀ ਸਲਿੱਪ ਹੋਵੇਗੀ, ਨੂੰ ਵੀ ਆਕਸੀਜਨ ਕੰਸਨਟਰੇਟਰ ਮੁਹੱਈਆ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕੰਸਨਟਰੇਟਰ ਘਰ ਵਿੱਚ ਇਕਾਂਤਵਾਸ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਦੇ ਇਲਾਜ ਵਿੱਚ ਜਿਥੇ ਲਾਭਦਾਇਕ ਸਿੱਧ ਹੋ ਰਹੇ ਹਨ ਅਤੇ ਹਸਪਤਾਲਾਂ ‘ਤੇ ਕੇਸਾਂ ਦਾ ਭਾਰ ਘਟਾਉਣ ਵਿੱਚ ਮਦਦਗਾਰ ਸਾਬਤ ਹੋ ਰਹੇ ਹਨ। ਇਸ ਸਬੰਧੀ ਰੈਡ ਕਰਾਸ ਸੋਸਾਇਟੀ ਜਲੰਧਰ ਦੇ ਸਕੱਤਰ ਸ੍ਰੀ ਇੰਦਰ ਦੇਵ ਸਿੰਘ ਨੇ ਦੱਸਿਆ ਕਿ ਕੋਈ ਵੀ ਲੋੜਵੰਦ ਮਰੀਜ਼ ਕੰਸਨਟਰੇਟਰ ਲਈ ਉਨ੍ਹਾਂ ਦੇ ਮੋਬਾਇਲ ਨੰਬਰ 98765-02613 ‘ਤੇ ਕਿਸੇ ਵੀ ਸਮੇਂ ਸੰਪਰਕ ਕਰ ਸਕਦਾ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਕ ਮੋਨੀਟਰਿੰਗ ਟੀਮ ਵੀ ਬਣਾਈ ਗਈ ਹੈ, ਜੋ ਕਿ ਸਮੇਂ-ਸਮੇਂ ‘ਤੇ ਮਰੀਜ਼ਾਂ ਦੇ ਘਰ ਵਿੱਚ ਜਾ ਕੇ ਚੈਕਿੰਗ ਕਰਦੀ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਦੀ ਹੈ ।

Leave a Reply

Your email address will not be published. Required fields are marked *