ਜਲੰਧਰ, (ਸੰਜੇ ਸ਼ਰਮਾ)-ਮਿਸ਼ਨਰੇਟ ਪੁਲਸ ਜਲੰਧਰ ਵਲੋਂ ਪਹਿਲੀ ਫਰਵਰੀ ਨੂੰ ਜੇਪੀ ਨਗਰ ਦੇ ਵਪਾਰੀ ਨਾਲ ਹਥਿਆਰਾਂ ਦੀ ਨੋਕ ‘ਤੇ ਹੋਈ ਲੱਖਾਂ ਰੁਪਏ ਦੀ ਲੁੱਟ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ 3 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸਿਓ .32 ਬੋਰ ਪਿਸਟਲ, ਸੱਤ ਜਿੰਦਾ ਅਤੇ ਦੋ ਖਾਲੀ ਕਾਰਤੂਸ ਤੋਂ ਇਲਾਵਾ 3.40 ਲੱਖ ਰੁਪਏ ਦੀ ਲੁੱਟੀ ਹੋਈ ਰਕਮ ਬਰਾਮਦ ਕੀਤੀ ਗਈ ਹੈ। ਦੋਸ਼ੀਆਂ ਦੀ ਪਛਾਣ ਗੁਰਪ੍ਰਰੀਤ ਸਿੰਘ ਗੁਰੀ(21), ਬੌਬੀ(22) ਤੇ ਇੰਦਰਜੀਤ ਸਿੰਘ (19) ਬਸਤੀ ਮਿੱਠੂ ਵਜੋਂ ਹੋਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜੇ.ਪੀ. ਨਗਰ ਦੇ ਵਪਾਰੀ ਗਗਨ ਅਰੋੜਾ ਕੋਲੋ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ‘ਤੇ ਪਹਿਲੀ ਫਰਵਰੀ ਨੂੰ ਸ਼ਾਮ 7 ਵਜੇ 5.33 ਲੱਖ ਰੁਪਏ ਦੀ ਲੁੱਟ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਪਾਰੀ ਦੀ ਸ਼ਿਕਾਇਤ ‘ਤੇ ਧਾਰਾ 379-ਬੀ ਤੇ 25, 54 ਅਤੇ 59 ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਲੁੱਟ ਦੀ ਸੂਚਨਾ ਮਿਲਦੇ ਹੀ ਅਨੇਕਾਂ ਟੀਮਾਂ, ਜਿਸ ਵਿਚ ਸੀ.ਆਈ.ਏ. ਸਟਾਫ਼-1, ਸਪੈਸ਼ਲ ਅਪਰੇਸ਼ਨ ਯੂਨਿਟ ਅਤੇ ਬਸਤੀ ਬਾਵਾ ਖੇਲ ਥਾਣੇ ਦੀ ਪੁਲਿਸ ਸ਼ਾਮਲ ਸੀ, ਦਾ ਲੁੱਟ-ਖੋਹ ਦਾ ਪਤਾ ਲਗਾਉਣ ਲਈ ਗਠਨ ਕੀਤਾ ਗਿਆ ਸੀ ਤੇ ਤਕਨੀਕੀ ਸਹਾਇਤਾ ਨਾਲ ਸੈਂਕੜੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ। ਜਾਂਚ ਦੇ ਆਧਾਰ ‘ਤੇ ਸਬ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੇ ਸੀਆਈਏ ਸਟਾਫ਼-1 ਵੱਲੋਂ ਇਨ੍ਹਾਂ ਵਿਚੋਂ ਇਕ ਮੁਲਜ਼ਮ ਗੁਰਪ੍ਰਰੀਤ ਗੁਰੀ ਨੂੰ ਜੁਡੀਸ਼ੀਅਲ ਕੰਪਲੈਕਸ ਦੇ ਬਾਹਰ ਕਾਬੂ ਕੀਤਾ ਗਿਆ ਤੇ ਇਸ ਤੋਂ ਬਾਅਦ ਦੂਜੀਆਂ ਪੁਲਿਸ ਟੀਮਾਂ ਵੱਲੋਂ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਉਨ੍ਹਾਂ ਦੇ ਘਰਾਂ ਦੇ ਬਾਹਰ ਜਾਲ ਵਿਛਾਇਆ ਗਿਆ।ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਦੋ ਦੋਸ਼ੀ ਬੌਬੀ ਅਤੇ ਇੰਦਰਜੀਤ ਵੱਲੋਂ ਐੱਫਜ਼ੈੱਡ ਬਾਈਕ ‘ਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਕਰਮੀਆਂ ਵੱਲੋਂ ਉਨ੍ਹਾਂ ਦਾ ਰਸਤਾ ਰੋਕਿਆ ਗਿਆ ਤਾਂ ਅਚਾਨਕ ਬੌਬੀ ਵੱਲੋਂ ਪੁਲਿਸ ਪਾਰਟੀ ‘ਤੇ ਦੋ ਗੋਲ਼ੀਆਂ ਚਲਾਈਆਂ ਗਈਆਂ ਅਤੇ ਇਸ ਤੋਂ ਕੁਝ ਸਮਾਂ ਬਾਅਦ ਦੋਵਾਂ ਨੂੰ ਪਿੱਛਾ ਕਰਦੇ ਹੋਏ ਨਿਊ ਰਾਜ ਨਗਰ ਦੇ ਕਾਰਡ ਬੋਰਡ ਫੈਕਟਰੀ ਕੋਲੋਂ ਕਾਬੂ ਕਰ ਲਿਆ ਗਿਆ।ਉਨ੍ਹਾਂ ਦੱਸਿਆ ਕਿ ਇੰਦਰਜੀਤ ਸਿੰਘ ਨੂੰ ਇਕ ਹੋਰ ਪੁਲਿਸ ਪਾਰਟੀ ਵੱਲੋਂ ਫੜ੍ਹਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਸਟੇਸ਼ਨ ਬਸਤੀ ਬਾਵਾ ਖੇਲ ਵਿਖੇ ਦੋਵਾਂ ਖ਼ਿਲਾਫ਼ ਕਤਲ ਕਰਨ ਦੀ ਕੋਸ਼ਿਸ਼ ਤਹਿਤ ਇਕ ਹੋਰ ਕੇਸ ਦਰਜ ਕੀਤਾ ਗਿਆ ਹੈ। ਗੁਰੀ ਖ਼ਿਲਾਫ਼ ਪਹਿਲਾਂ ਹੀ ਪੁਲਿਸ ਸਟੇਸ਼ਨ ਬਸਤੀ ਬਾਵਾ ਖੇਲ ਵਿਖੇ ਅਪਰਾਧਿਕ ਮਾਮਲਾ ਦਰਜ ਹੈ ਅਤੇ ਉਸ ਦੇ ਘਰ ਤੋਂ 3.40 ਲੱਖ ਰੁਪਏ ਦੀ ਲੁੱਟੀ ਹੋਈ ਰਾਸ਼ੀ ਬਰਾਮਦ ਕੀਤੀ ਗਈ।ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰਨ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਵੱਲੋਂ ਨਿਖਿਲ ਕੁਮਾਰ ਪਾਸੋਂ 21 ਅਕਤੂਬਰ 2020 ਨੂੰ ਕਿਸ਼ਨਪੁਰਾ ਦੇ ਮਿਸ਼ਨ ਕੰਪਾਊਂਡ ਵਿਚ 80,000 ਰੁਪਏ ਦੀ ਕੀਤੀ ਗਈ ਲੁੱਟ ਦਾ ਵੀ ਪਰਦਾਫਾਸ਼ ਕੀਤਾ ਗਿਆ ਹੈ ਅਤੇ ਇਸ ਵਿਚੋਂ ਬਿਹਾਰ ਤੋਂ ਦੋ ਪਿਸਤੌਲ ਖ਼ਰੀਦ ਕਰਨ ‘ਤੇ 60000 ਰੁਪਏ ਖ਼ਰਚੇ ਜਾ ਚੁੱਕੇ ਸਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨਾ ਵਲੋਂ ਪੁਲਿਸ ਕਰਮੀਆਂ ਨੂੰ ਡੀ.ਜੀ.ਪੀ. ਡਿਸਕ ਐਵਾਰਡ ਨਾਲ ਸਨਮਾਨਿਤ ਕਰਨ ਲਈ ਸਿਫ਼ਾਰਸ਼ ਕੀਤੀ ਜਾਵੇਗੀ, ਜਿਨਾ ਨੇ ਇਸ ਲੁੱਟ ਖੋਹ ਦਾ ਪਰਦਾਫਾਸ਼ ਕੀਤਾ ਹੈ।