ਪੰਜਾਬ ਵਿੱਚ ਬਰਡ ਫਲੂ ਬਾਰੇ ਸਾਰੀਆਂ ਟੈਸਟ ਰਿਪੋਰਟਾਂ ਨੈਗੇਟਿਵ

ਚੰਡੀਗੜ੍ਹ, 2021 ਪੰਜਾਬ ਅਤੇ ਇਸ ਦੇ ਨੇੜੇ-ਤੇੜੇ ਦੇ ਰਾਜਾਂ ਸਮੇਤ ਭਾਰਤ ਦੇ ਸੱਤ ਰਾਜਾਂ `ਚ ਕੇਂਦਰ ਸਰਕਾਰ ਨੇ ਬਰਡ ਫਲੂ ਬਾਰੇ ਪੁਸ਼ਟੀ ਕਰ ਦਿੱਤੀ ਹੈ, ਜਿਸ ਦੌਰਾਨ ਪੰਜਾਬ ਵਾਸੀਆਂ ਲਈ ਵੱਡੀ ਰਾਹਤ ਦੀ ਖ਼ਬਰ ਆਈ ਹੈ ਕਿ ਇਸ ਰਾਜ ਦੀਆਂ ਸਾਰੀਆਂ ਟੈੱਸਟ ਰਿਪੋਰਟਾਂ ਨੈਗੇਟਿਵ ਆਈਆਂ ਹਨ। ਸਰਕਾਰ ਦੇ ਸੂਤਰਾਂ ਮੁਤਾਬਕ ਇਸ ਬਿਮਾਰੀ ਬਾਰੇ ਪੰਜਾਬ `ਚ ਕੱਲ੍ਹ ਤੱਕ ਲਏ ਗਏ ਸਾਰੇ ਬਰਡ ਫਲੂ ਦੇ ਸੈਂਪਲਾਂ ਦੀ ਟੈਸਟ ਰਿਪੋਰਟ ਆ ਗਈ ਹੈ ਤੇ ਸਾਰੇ ਟੈਸਟ ਨੈਗੇਟਿਵ ਨਿਕਲੇ ਹਨ। ਇਸ ਦਾ ਭਾਵ ਹੈ ਕਿ ਪੰਜਾਬ `ਚ ਜੋ ਵੀ ਪੰਛੀ ਪਿਛਲੇ ਦਿਨੀਂ ਮਰੇ ਤੇ ਜਿਨ੍ਹਾਂ ਦੇ ਮਰਨ ਤੋਂ ਬਾਅਦ ਬਰਡ ਫਲੂ ਦੀ ਸੰਭਾਵਨਾ ਤੋਂ ਦਹਿਸ਼ਤ ਦਾ ਮਾਹੌਲ ਸੀ, ਉਨ੍ਹਾਂ ਦੀ ਮੌਤ ਬਰਡ ਫਲੂ ਕਾਰਨ ਨਹੀਂ ਹੋਈ। ਜਲੰਧਰ ਵਿਚਲੇ ਨਾਰਥ ਰੀਜਨਲ ਡਿਸੀਜ਼ਿਸ਼ ਡਾਇਗਨੋਸਟਿਕ ਲੈਬ (ਐਨ ਆਰ ਡੀ ਡੀ ਐਲ) ਦੇ ਜੁਆਇੰਟ ਡਾਇਰੈਕਟਰ ਡਾ. ਐਮ ਪੀ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਤੇ ਸਾਫ ਕਿਹਾ ਕਿ ਪੰਜਾਬ `ਚ ਬਰਡ ਫਲੂ ਦਾ ਕੋਈ ਕੇਸ ਨਹੀਂ ਹੈ। ਵਰਨਣ ਯੋਗ ਹੈ ਕਿ ਪੰਜਾਬ ਦੇ ਮੁਕੇਰੀਆਂ, ਤਪਾ ਮੰਡੀ ਆਦਿ ਅੱਧਾ ਦਰਜਨ ਸਥਾਨਾਂ ਤੋਂ ਪੰਛੀਆਂ ਦੀ ਮੌਤ ਦੀਆਂ ਖ਼ਬਰਾਂ ਤੋਂ ਬਾਅਦ ਸ਼ੱਕ ਪੈਦਾ ਹੋ ਰਿਹਾ ਸੀ ਕਿ ਪੰਜਾਬ ‘ਚ ਬਰਡ ਫਲੂ ਹੋ ਸਕਦਾ ਹੈ।ਪੰਜਾਬ ਦੀ ਜਲੰਧਰ ਵਾਲੀ ਲੈਬ `ਚ ਅੱਜ ਤੱਕ ਇੱਕ ਹਜ਼ਾਰ ਤੋਂ ਵੱਧ ਬਰਡ ਫਲੂ ਦੇ ਟੈਸਟ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 156 ਟੈਸਟ ਮਰੇ ਪੰਛੀਆਂ ਦੀਆਂ ਸਨ। ਇਹ ਟੈਸਟ ਪੰਜਾਬ ਦੇ ਨਾਲ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ ਆਦਿ ਸੂਬਿਆਂ ਤੋਂ ਵੀ ਸਨ। ਇਹ ਪੰਜਾਬ ਦੀ ਪੋਲਟਰੀ ਇੰਡਸਟਰੀ ਲਈ ਵੀ ਵੱਡੀ ਰਾਹਤ ਦੀ ਖ਼ਬਰ ਹੈ। ਬਰਡ ਫਲੂ ਦੀਆਂ ਅਫਵਾਹਾਂ `ਚ ਆਂਡਾ ਤੇ ਚਿਕਨ ਮਾਰਕੀਟ ਨੂੰ ਕੁਝ ਦਿਨਾਂ ਤੋਂ ਜੋ ਝਟਕਾ ਲੱਗ ਰਿਹਾ ਸੀ, ਉਹ ਰੁਕ ਜਾਏਗਾ।

Leave a Reply

Your email address will not be published. Required fields are marked *