ਔਟਾਵਾ, 2 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਡਾ. ਮੋਨਾ ਨੇਮਰ ਮੁੜ ਕੈਨੇਡਾ ਦੀ ਚੀਫ਼ ਸਾਇੰਸ ਐਡਵਾਇਜ਼ਰ ਬਣ ਗਈ ਹਨ। ਉਨ•ਾਂ ਦੀ ਨਿਯੁਕਤੀ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਡਾ. ਮੋਨਾ ਦੀ ਕਾਬਲੀਅਤ ਅਤੇ ਸੇਵਾਵਾਂ ਨੂੰ ਵੇਖਦੇ ਹੋਏ ਉਨ•ਾਂ ਨੂੰ ਮੁੜ ਇਸ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਡਾ. ਮੋਨਾ ਨੇਮਰ ਸਤੰਬਰ 2017 ਤੋਂ ਕੈਨੇਡਾ ਦੇ ਚੀਫ਼ ਸਾਇੰਸ ਐਡਵਾਇਜ਼ਰ ਵਜੋਂ ਸੇਵਾਵਾਂ ਨਿਭਾਉਂਦੀ ਆ ਰਹੀ ਹੈ। ਡਾ. ਮੋਨਾ ਦੀ ਮੁੜ ਨਿਯੁਕਤੀ ਉਸ ਨੂੰ ਉਸ ਦੇ ਪਹਿਲੇ ਕਾਰਜਕਾਲ ਦੀਆਂ ਪ੍ਰਾਪਤੀਆਂ ਨੂੰ ਅੱਗੇ ਵਧਾਉਣ ਦੀ ਆਗਿਆ ਦੇਵੇਗੀ, ਜਿਸ ਵਿੱਚ ਫੈਡਰਲ ਸੰਸਥਾਵਾਂ ਵਿੱਚ ਵਿਗਿਆਨ ਸਲਾਹਕਾਰ ਅਹੁਦਿਆਂ ਦੀ ਸਿਰਜਣਾ ਅਤੇ ਫੈਡਰਲ ਵਿਗਿਆਨ ਤੇ ਟੈਕਨਾਲੋਜੀ ਸਹੂਲਤਾਂ ਦਾ ਨਿਰਮਾਣ ਕਰਨ ਲਈ 2.8 ਬਿਲੀਅਨ ਡਾਲਰ ਦੇ ਨਿਵੇਸ਼ ਬਾਰੇ ਸੇਧ ਤੇ ਸਿਫਾਰਸ਼ਾਂ ਸ਼ਾਮਲ ਹਨ।
ਡਾ. ਮੋਨਾ ਨੇਮਰ ਨੇ ਫੈਡਰਲ ਵਿਗਿਆਨੀਆਂ, ਵਿਭਾਗਾਂ ਅਤੇ ਕਰਮਚਾਰੀਆਂ ਦਾ ਮਾਰਗਦਰਸ਼ਨ ਕਰਨ ਅਤੇ ਫੈਡਰਲ ਖੋਜ ਤੇ ਵਿਗਿਆਨ ਦਾ ਜ਼ਿੰਮੇਦਾਰੀ ਨਾਲ ਉਪਯੋਗ ਕਰਨ ਤੇ ਕੈਨੇਡੀਅਨ ਲੋਕਾਂ ਨੂੰ ਵਧੀਆ ਢੰਗ ਨਾਲ ਨਤੀਜੇ ਦੱਸਣ ਲਈ ਇੱਕ ਨੀਤੀ ਵਿਕਸਤ ਕਰਨ ‘ਚ ਵੀ ਮਦਦ ਕੀਤੀ ਹੈ।