ਕਾਲਾਂਵਾਲੀ 4 ਅਕਤੂਬਰ-ਪਵਨ ਕੁਮਾਰ ਸ਼ਰਮਾ)-ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਸਬੰਧੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅਤੇ ਆੜਤੀਏ ਨਰਾਜ ਹਨ । ਕਿਸਾਨਾਂ ਵੱਲੋਂ ਇਹਨਾਂ ਕਾਨੂੰਨਾਂ ਦੇ ਖਿਲਾਫ ਆਰੰਭ ਕੀਤਾ ਗਿਆ ਅੰਦੋਲਨ ਦਿਨੋ ਦਿਨ ਸਿਖਰ ਵੱਲ ਵਧ ਰਿਹਾ ਹੈ । ਇਸੇ ਅੰਦੋਲਨ ਦੇ ਤਹਿਤ ਕਾਲਾਂਵਾਲੀ ਖੇਤਰ ਦੇ ਕਿਸਾਨਾਂ ਵੱਲੋਂ ਇੱਕਤਰ ਹੋ ਕੇ ਖੇਤਰ ਦੇ ਭਾਜਪਾ ਨੇਤਾ ਬਲਕੌਰ ਸਿੰਘ ਦੇ ਘਰ ਦਾ ਘਿਰਾਓ ਕੀਤਾ ਗਿਆ ਅਤੇ ਭਾਜਪਾ ਨੇਤਾ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ । ਇਸ ਦੌਰਾਨ ਹੀ ਕਿਸਾਨ ਸਮੂਹਿਕ ਰੂਪ ਚ ਰੋੜੀ ਰੋਡ ਸਥਿਤ ਰਿਲਾਇੰਸ ਦੇ ਪਟਰੋਲ ਪੰਪ ਤੇ ਪਹੁੰਚੇ ਅਤੇ ਭਾਜਪਾ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨੇ ਰਿਲਾਇੰਸ ਪੰਪ ਦਾ ਵੀ ਬਾਈਕਾਟ ਕਰਨ ਦਾ ਐਲਾਨ ਕੀਤਾ। ਨੌਜਵਾਨ ਕਿਸਾਨਾਂ ਵੱਲੋਂ ਭਾਜਪਾ ਖਿਲਾਫ ਭੜਾਸ ਕੱਢਦਿਆਂ ਕਿਹਾ ਕਿ ਸਾਨੂੰ ਸਭ ਨੂੰ ਇੱਕਮੁੱਠ ਹੋ ਕੇ ਇਸ ਲੜਾਈ ਨੂੰ ਲੜਨਾ ਪਵੇਗਾ ਅਤੇ ਇਹਨਾਂ ਕਿਸਾਨ ਵਿਰੋਧੀ ਕਨੂੰਨਾਂ ਨੂੰ ਵਾਪਿਸ ਕਰਵਾਉਣ ਲਈ ਸੰਘਰਸ਼ ਵਿਚ ਜੁੱਟਣਾ ਪਵੇਗਾ। ਜਿਕਰਯੋਗ ਹੈ ਕਿ ਕਿਸਾਨਾਂ ਚ ਭਾਜਪਾ ਨੇਤਾਵਾਂ ਪ੍ਰਤੀ ਗਹਿਰਾ ਰੋਸ਼ ਹੈ , ਬੀਤੇ ਦਿਨੀਂ ਭਾਜਪਾ ਦੀ ਸਿਰਸਾ ਤੋਂ ਸਾਂਸਦ ਸੁਨੀਤਾ ਦੁੱਗਲ ਦਾ ਵੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਜਿਸ ਕਰਕੇ ਸਾਂਸਦ ਵੱਲੋਂ ਪ੍ਰੋਗਰਾਮ ਵੀ ਰੱਦ ਕੀਤੇ ਗਏ ਸਨ। ਕਿਸਾਨਾਂ ਦਾ ਕਹਿਣਾ ਹੈ ਕਿਸੇ ਵੀ ਭਾਜਪਾ ਨੇਤਾ ਨੂੰ ਪਿੰਡ ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਭਾਜਪਾ ਨੇਤਾਵਾਂ ਦਾ ਪਿੰਡਾਂ ਚ ਆਉਣ ਤੇ ਕਾਲੀਆਂ ਝੰਡੀਆਂ ਦਿਖਾ ਅਤੇ ਨਾਅਰੇਬਾਜ਼ੀ ਕਰਕੇ ਵਿਰੋਧ ਕੀਤਾ ਜਾਵੇਗਾ।