ਜੰਮੂ, 13 ਦਸੰਬਰ 2020 : ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਰਾਤ ਭਰ ਹੋਈ ਬਰਫ਼ਬਾਰੀ ਤੋਂ ਬਾਅਦ ਬੰਦ ਕਰ ਦਿਤਾ ਗਿਆ ਹੈ, ਜਦੋਂ ਕਿ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਗੁਰਮੁਲ ਪਿੰਡ ‘ਚ ਮੋਹਲੇਧਾਰ ਮੀਂਹ ਪੈਣ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ 8 ਪ੍ਰਵਾਰਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਲਿਜਾਇਆ ਗਿਆ ਹੈ। ਅਧਿਕਾਰੀਆਂ ਨੇ ਸਨਿਚਰਵਾਰ ਨੂੰ ਦਸਿਆ ਕਿ 270 ਕਿਲੋਮੀਟਰ ਲੰਮੇ ਰਾਜਮਾਰਗ ‘ਤੇ ਸਥਿਤ ਜਵਾਹਰ ਟਨਲ ਦੀ ਜ਼ਮੀਨ ‘ਤੇ ਬਰਫ਼ ਦੀ 9 ਇੰਚ ਦੀ ਪਰਤ ਜਮ੍ਹਾ ਹੋ ਗਈ ਹੈ ਅਤੇ ਮੋਰਗ, ਮਗੇਰਕੋਟ ਅਤੇ ਪੰਥਿਆਲ ‘ਚ ਮੀਂਹ ਪੈਣ ਤੋਂ ਬਾਅਦ ਕਈ ਥਾਂਵਾਂ ‘ਤੇ ਜ਼ਮੀਨ ਖਿਸਕਣ ਕਾਰਨ ਸੜਕ ਰੁਕ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਰਣਨੀਤਕ ਰੂਪ ਨਾਲ ਅਹਿਮ ਸੜਕ ‘ਤੇ ਆਵਾਜਾਈ ਤੇਜ਼ੀ ਨਾਲ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸੜਕ ਕਸ਼ਮੀਰ ਘਾਟੀ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਦੀ ਹੈ। ਡੋਡਾ ਜ਼ਿਲ੍ਹੇ ‘ਚ ਅਧਿਕਾਰੀਆਂ ਨੇ ਦਸਿਆ ਕਿ ਕਾਸਤੀਗੜ੍ਹ ਦੇ ਗੁਰਮੁਲ ਪਿੰਡ ‘ਚ ਮੋਹਲੇਧਾਰ ਮੀਂਹ ਤੋਂ ਬਾਅਦ ਜ਼ਮੀਨ ਖਿਸਕ ਗਈ, ਜਿਸ ਕਾਰਨ 8 ਪ੍ਰਵਾਰਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਭੇਜਿਆ ਗਿਆ।