ਚੰਡੀਗੜ੍ਹ, 12 ਦਸੰਬਰ, 2020 : ਦਿੱਲੀ ਵਿਖੇ ਕੜਾਕੇ ਦੀ ਠੰਢ ਵਿਚ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹਨ ਅਜਿਹੇ ਵਿਚ ਦਿੱਲੀ ਦੀ ਸਰਕਾਰ ਨੇ ਸੰਘਰਸ਼ੀ ਕਿਸਾਨਾਂ ਲਈ ਕਈ ਪ੍ਰਬੰਧ ਕੀਤੇ ਹਨ। ਕੇਜਰੀਵਾਲ ਸਰਕਾਰ ਅੰਨਦਾਤੇ ਪ੍ਰਤੀ ਅਪਣਾ ਫ਼ਰਜ਼ ਨਿਭਾਉਣ ਲਈ ਅੱਗੇ ਵਧੀ ਹੈ। ਸਰਹੱਦ ਉਤੇ ਬੈਠੇ ਅੰਨ੍ਹ ਦਾਤਾ ਨੂੰ ਠੰਢ ਦੇ ਮੌਸਮ ਵਿਚ ਨਹਾਉਣ ਲਈ ਗਰਮ ਪਾਣੀ ਨਾ ਮਿਲਣ ਕਾਰਨ ਅਤੇ ਮੋਬਾਈਲ ਚਾਰਜ ਪੁਆਇੰਟ ਨਾ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਇਨ੍ਹਾਂ ਮੁਸ਼ਕਲਾਂ ਨੂੰ ਦੇਖਦੇ ਹੋਏ ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਅਹਿਮ ਕਦਮ ਚੁੱਕਿਆ ਗਿਆ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਿੱਲੀ ਜਲ ਬੋਰਡ ਵਲੋਂ ਗਰਮ ਪਾਣੀ ਦਾ ਪ੍ਰਬੰਧ ਕੀਤਾ ਗਿਆ। ਸਰਕਾਰ ਵਲੋਂ ਸਿੰਘੂ ਬਾਰਡਰ ਉਤੇ ਅੰਦੋਲਨਕਾਰੀ ਕਿਸਾਨਾਂ ਲਈ ਗੈਸ ਵਾਲੀਆਂ ਭੱਠੀਆਂ ਦਾ ਪ੍ਰਬੰਧ ਕੀਤਾ ਗਿਆ, ਤਾਂ ਜੋ ਕਿਸਾਨਾਂ ਨੂੰ ਗਰਮ ਪਾਣੀ ਮਿਲ ਸਕੇ। ਜ਼ਿਕਰਯੋਗ ਹੈ ਕਿ ਕੇਂਦਰ ਦੀ ਤਾਨਾਸ਼ਾਹੀ ਸਰਕਾਰ ਵਿਰੁਧ ਅੰਦੋਲਨ ਕਰ ਰਹੇ ਕਿਸਾਨ ਅਪਣੇ ਪਰਵਾਰਾਂ ਤੋਂ ਦੂਰ ਬੈਠਿਆਂ ਨੂੰ ਕਰੀਬ 15 ਦਿਨ ਬੀਤ ਗਏ ਹਨ। ਇਨ੍ਹਾਂ ਸਮੇਂ ਵਿਚ ਕਿਸਾਨਾਂ ਦੇ ਮੋਬਾਈਲਾਂ ਦੀਆਂ ਬੈਟਰੀਆਂ ਚਾਰਜ ਨਾ ਹੋਣ ਕਾਰਨ ਅਪਣੇ ਪਰਵਾਰਾਂ ਨਾਲ ਸਮੇਂ ਸਿਰ ਕੋਈ ਗੱਲਬਾਤ ਵੀ ਨਹੀਂ ਹੋ ਰਹੀ ਸੀ। ਕੇਜਰੀਵਾਲ ਸਰਕਾਰ ਵਲੋਂ ਧਰਨਾ ਸਥਾਨ ਉਤੇ ਮੋਬਾਈਲ ਚਾਰਜ ਕਰਨ ਲਈ ਇਕ ਵਿਸ਼ੇਸ਼ ਪੁਆਇੰਟ ਲਗਾਇਆ ਗਿਆ। ਜਿਥੇ ਅੰਦੋਲਨਕਾਰੀ ਆਪਣੇ ਮੋਬਾਇਲ ਚਾਰਜ ਕਰ ਸਕਦੇ ਹਨ। ਇਸ ਥਾਂ ਉਤੇ ਇਕ ਵਾਰ ਵਿਚ 100 ਤੋਂ ਜ਼ਿਆਦਾ ਮੋਬਾਇਲ ਚਾਰਜ ਕੀਤੇ ਜਾ ਸਕਦੇ ਹਨ।