ਸੇਵਾ ਕੇਂਦਰ ਦੀ ਸਾਈਟ ਨਾ ਚੱਲਣ ਕਾਰਨ ਕੰਮ ਕਰਵਾਉਣ ਲਈ ਆਏ ਲੋਕ ਹੋਏ ਪਰੇਸ਼ਾਨ

ਜਲੰਧਰ (ਵਿਸ਼ਾਲ )-ਦਮੋਰੀਆ ਪੁਲ਼ ਹੇਠਾਂ ਸਥਿਤ ਸੇਵਾ ਕੇਂਦਰ ਵਿਖੇ ਵੀਰਵਾਰ ਨੂੰ ਕੰਮ ਕਰਵਾਉਣ ਲਈ ਆਏ ਲੋਕਾਂ ਨੂੰ ਉਸ ਵੇਲੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਦੋਂ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਲੋਕਾਂ ਨੂੰ ਦੱਸਿਆ ਕਿ ਸੇਵਾ ਕੇਂਦਰ ਦੀਆਂ ਆਨਲਾਈਨ ਸੇਵਾਵਾਂ ਦੇਣ ਵਾਲੀ ਸਾਈਟ ਬੰਦ ਪਈ ਹੈ। ਸੇਵਾ ਕੇਂਦਰ ਦੇ ਬਾਹਰ ਖੜ੍ਹੇ ਲੋਕਾਂ ਨੇ ਦੱਸਿਆ ਕਿ ਉਹ ਸਵੇਰੇ ਨੌਂ ਵਜੇ ਟੋਕਨ ਲੈਣ ਲਈ ਲਾਈਨ ਵਿਚ ਲੱਗੇ ਹੋਏ ਹਨ। ਕੁਝ ਲੋਕਾਂ ਨੂੰ ਟੋਕਨ ਜਾਰੀ ਕੀਤੇ ਗਏ ਹਨ ਪਰ ਜਦੋਂ ਅੰਦਰ ਗਏ ਤਾਂ ਪਤਾ ਲੱਗਾ ਕਿ ਸਰਵਰ ਦੀ ਸਮੱਸਿਆ ਕਾਰਨ ਸਾਈਟ ਨਹੀਂ ਚੱਲ ਰਹੀ। ਉਨ੍ਹਾਂ ਦੱਸਿਆ ਕਿ ਦੋ ਘੰਟੇ ਤੋਂ ਸਾਈਟ ਚੱਲਣ ਦੀ ਉਡੀਕ ਕਰ ਰਹੇ ਹਨ ਪਰ ਹਾਲੇ ਤਕ ਸਾਈਟ ਨਹੀਂ ਚੱਲੀ। ਪ੍ਰਸ਼ਾਸਨ ਵੱਲੋਂ ਸੇਵਾ ਕੇਂਦਰਾਂ ‘ਚ ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਉੱਥੇ ਆਉਣ ਵਾਲੇ ਲੋਕਾਂ ਦਾ ਰੈਪਿਡ ਟੈਸਟ ਕਰ ਕੇ ਹੀ ਕੰਮ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਸਿਹਤ ਵਿਭਾਗ ਵੱਲੋਂ ਟੈਸਟ ਕਰਨ ਲਈ ਨਰਸ ਦੀ ਡਿਊਟੀ ਲਾਈ ਗਈ ਹੈ। ਟੈਸਟ ਕਰਨ ਲਈ ਪੁੱਜੀ ਨਰਸ ਹਰਸ਼ਰਨ ਕੌਰ ਨੇ ਦੱਸਿਆ ਕਿ ਸੇਵਾ ਕੇਂਦਰ ਵਿਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਤੋਂ ਬਾਅਦ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਸੇਵਾ ਕੇਂਦਰ ਦੇ ਇੰਚਾਰਜ ਸਤਿੰਦਰ ਸਿੰਘ ਨੇ ਦੱਸਿਆ ਕਿ ਆਨਲਾਈਨ ਸਰਕਾਰੀ ਸੇਵਾਵਾਂ ਦੇਣ ਵਾਲੀ ਸਾਈਟ ਬੰਦ ਹੋਣ ਕਾਰਨ ਇਹ ਸਮੱਸਿਆ ਆਈ ਹੈ। ਇਸ ਬਾਰੇ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਹੈ ਓਧਰ ਇਸ ਸਬੰਧੀ ਜਦੋਂ ਸੇਵਾ ਕੇਂਦਰ ਦੇ ਜ਼ਿਲ੍ਹਾ ਈ-ਕੋਆਰਡੀਨੇਟਰ ਗੁਰਪ੍ਰਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਆਧਾਰ ਕਾਰਡ ਵਾਲੀ ਸਾਈਟ ਪੂਰੇ ਪੰਜਾਬ ‘ਚ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਪਈ ਹੈ ਪਰ ਬਾਕੀ ਸੇਵਾਵਾਂ ਨਿਰਵਿਘਨ ਦਿੱਤੀਆਂ ਜਾ ਰਹੀਆਂ ਹਨ। ਦੋਮੋਰੀਆ ਪੁਲ਼ ਨੇੜਲੇ ਸੇਵਾ ਕੇਂਦਰ ‘ਚ ਸਾਈਟ ਬੰਦ ਹੋਣ ਬਾਰੇ ਪੁੱਛੇ ਜਾਣ ‘ਤੇ ਗੁਰਪ੍ਰਰੀਤ ਸਿੰਘ ਨੇ ਕਿਹਾ ਕਿ ਉਹ ਸੇਵਾ ਕੇਂਦਰ ‘ਚੋਂ ਇਸ ਬਾਰੇ ਜਾਣਕਾਰੀ ਹਾਸਲ ਕਰਨਗੇ।

Leave a Reply

Your email address will not be published. Required fields are marked *